ਸਿਡਨੀ : ਆਸਟ੍ਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਮੁੜ ਤੋਂ ਵਧਦੇ ਜਾ ਰਹੇ ਹਨ। ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਚ ਲਾਕਡਾਊਨ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਕਹਿਰ ਪਿਛਲੇ ਮਹੀਨੇ ਤੋਂ ਹੀ ਆਸਟ੍ਰੇਲੀਆ ‘ਚ ਕਹਿਰ ਮਚਾ ਰਿਹਾ ਹੈ। ਤਾਲਾਬੰਦੀ ਦੇ ਬਾਵਜੂਦ ਆਸਟ੍ਰੇਲੀਆ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਡਨੀ ‘ਚ ਲਾਕਡਾਊਨ ਨੂੰ 4 ਹਫ਼ਤੇ ਹੋਰ ਵਧਾਉਂਦੇ ਹੋਏ ਅਧਿਕਾਰੀਆਂ ਨੇ ਪੁਲਿਸ ਨੂੰ ਸਖ਼ਤੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸਿਡਨੀ ‘ਚ ਨਿਊ ਸਾਊਥ ਵੈਲਸ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਿਡਨੀ ਸ਼ਹਿਰ ‘ਚ ਲਾਕਡਾਊਨ ਘੱਟ ਤੋਂ ਘੱਟ 28 ਅਗਸਤ ਤਕ ਲੱਗਾ ਰਹੇਗਾ। ਸੂਬਾ ਸਰਕਾਰ ਦੁਆਰਾ ਇਹ ਫੈਸਲਾ ਕੋਵਿਡ-19 ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਸਿਡਨੀ ਦੀ ਆਬਾਦੀ 50 ਲੱਖ ਤੋਂ ਵੱਧ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਿਡਨੀ ‘ਚ ਨਵੀਨਤਮ 24 ਘੰਟਿਆਂ ਦੇ ਸਮੇਂ ‘ਚ 177 ਨਵੇਂ ਸੰਕ੍ਰਮਣਾਂ ਦੀ ਰਿਪੋਰਟ ਦਰਜ ਕੀਤੀ ਗਈ। ਦੂਜੇ ਪਾਸੇ ਸੋਮਵਾਰ ਨੂੰ ਕੋਵਿਡ-19 ਦੇ 172 ਮਾਮਲੇ ਦਰਜ ਕੀਤੇ ਗਏ ਸੀ। ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਮਾਮਲਿਆਂ ‘ਚ ਵਾਧਾ ਉਦੋਂ ਸ਼ੁਰੂ ਹੋਇਆ ਜਦੋਂ ਇਕ ਲਿਮੋਜਿਨ ਚਾਲਕ 16 ਜੂਨ ਨੂੰ ਡੈਲਟਾ ਸੰਕ੍ਰਮਣ ਦਾ ਪੀੜਤ ਪਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਡਰਾਈਵਰ ਸਿਡਨੀ ਹਵਾਈ ਅੱਡੇ ‘ਤੇ ਅਮਰੀਕੀ ਏਅਰਕਰੂ ਤੋਂ ਸੰਕ੍ਰਮਿਤ ਹੋਇਆ ਸੀ। ਜਿਸ ਤੋਂ ਬਾਅਦ ਸਿਡਨੀ ਵਿੱਚ 2500 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ 11 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।