ਲੌਕਡਾਊਨ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ ਲਈ ਵੱਡਾ ਐਲਾਨ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਲੌਕਡਾਊਨ ਦੀ ਮਿਆਦ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਲੌਕਡਾਊਨ ਕਾਰਨ ਅਜੇ ਵੀ ਬਹੁਤ ਸਾਰੇ ਪ੍ਰਵਾਸ਼ੀ ਮਜ਼ਦੂਰ ਤੇ ਵਰਕਰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਫਸੇ ਹੋਏ ਹਨ ਅਤੇ ਆਪਣੇ ਘਰ ਵਾਪਸ ਪਰਤਣਾ ਚਾਹੁੰਦੇ ਹਨ। ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਪਰ ਇਸ ਲਈ ਉਨ੍ਹਾਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ।

ਅਜਿਹੀ ਸਥਿਤੀ ਵਿੱਚ ਸੋਨੀਆ ਗਾਂਧੀ ਨੇ ਫੈਸਲਾ ਲਿਆ ਹੈ ਕਿ ਸੂਬਾ ਕਾਂਗਰਸ ਕਮੇਟੀ ਦੀ ਹਰ ਇਕਾਈ ਹਰ ਲੋੜਵੰਦ ਮਜ਼ਦੂਰ ਅਤੇ ਵਰਕਰ ਦੀ ਘਰ ਵਾਪਸੀ ਲਈ ਲੋੜੀਂਦੀ ਰੇਲ ਯਾਤਰਾ ਦੀ ਟਿਕਟ ਦਾ ਖਰਚਾ ਖੁਦ ਚੁੱਕੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਮੁਫਤ ਵਿੱਚ ਵਾਪਸ ਭਾਰਤ ਲਿਆਂਦਾ ਗਿਆ ਸੀ ਜਦੋਂ ਕਿ ਮਜ਼ਦੂਰਾਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਸੋਨੀਆ ਗਾਂਧੀ ਨੇ ਕਿਹਾ, ‘ਮਜ਼ਦੂਰ ਅਤੇ ਵਰਕਰ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀ ਰਾਸ਼ਟਰ ਨਿਰਮਾਣ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਦੇਸ਼  ‘ਚ ਇਹ ਪਹਿਲੀ ਵਾਰ ਹੈ ਜਦੋਂ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਅਤੇ ਵਰਕਰ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਘਰ ਪਰਤਣ ਲਈ ਮਜਬੂਰ ਹੋ ਗਏ ਹਨ।’

ਸੋਨੀਆ ਗਾਂਧੀ ਨੇ ਕਿਹਾ ਕਿ ਲੌਕਡਾਊਨ ਕਾਰਨ ਅੱਜ ਵੀ ਲੱਖਾਂ ਪ੍ਰਵਾਸੀ ਮਜ਼ਦੂਰ ਤੇ ਵਰਕਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਵਾਪਸ ਜਾਣ ਲਈ ਨਾਂ ਤਾਂ ਕੋਈ ਸਾਧਨ ਹੈ ਅਤੇ ਨਾ ਹੀ ਪੈਸਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਲੋਕਾਂ ਦੀ ਟਿਕਟ ਦਾ ਖਰਚਾ ਚੁੱਕੇਗੀ ਤੇ ਇਸ ਬਾਰੇ ਜ਼ਰੂਰੀ ਕਦਮ ਵੀ ਚੁੱਕੇਗੀ। ਸੋਨੀਆ ਗਾਂਧੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜਿਹੇ ਮੁਸ਼ਕਲ ਸਮੇਂ ‘ਚ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਇਨ੍ਹਾਂ ਮਿਹਨਤਕਸ਼ ਲੋਕਾਂ ਤੋਂ ਰੇਲ ਯਾਤਰਾ ਦਾ ਕਿਰਾਇਆ ਵਸੂਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 42 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1372 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

Check Also

ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਇਲਹਾਨ ਉਮਰ ਨੇ ਸੰਸਦ ਵਿੱਚ ਭਾਰਤ ਵਿਰੋਧੀ ਮਤਾ ਪੇਸ਼ ਕੀਤਾ

ਵਾਸ਼ਿੰਗਟਨ- ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਇਲਹਾਨ ਉਮਰ ਨੇ ਆਪਣੇ ਭਾਰਤ ਵਿਰੋਧੀ ਰੁਖ ਨੂੰ ਜਾਰੀ ਰੱਖਦੇ …

Leave a Reply

Your email address will not be published.