ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਸੈਕਟਰ-17 ਵਿਚ ਸੰਕੇਤਕ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਿਸਾਨਾਂ ਦੇ ਸੰਘਰਸ਼ ਦੇ ਮੱਦੇਨਜ਼ਰ ਮੁਲਤਵੀ ਕੀਤੀਆਂ ਜਾਣ। ਲੋਕ ਇਨਸਾਫ਼ ਪਾਰਟੀ ਦੇ ਇਕ ਵਫ਼ਦ ਨੇ ਸਟੇਟ ਚੋਣ ਕਮਿਸ਼ਨ ਨੂੰ ਇਸ ਬਾਰੇ ਮੰਗ ਪੱਤਰ ਵੀ ਦਿੱਤਾ।
ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ‘ਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਮਹੂਰੀਅਤ ਮੁਤਾਬਕ ਸਹੀ ਨਹੀਂ। ਉਨ੍ਹਾਂ ਕਿਹਾ ਕਿ ਬਹੁਤੇ ਪੰਜਾਬੀ ਦਿੱਲੀ ਕਿਸਾਨ ਸੰਘਰਸ਼ ਦੀ ਹਮਾਇਤ ਉੱਤੇ ਪਹੁੰਚੇ ਹੋਏ ਹਨ। ਜੇਕਰ ਸੰਘਰਸ਼ਸ਼ੀਲ ਪੰਜਾਬੀ ਚੋਣਾਂ ਵਿੱਚ ਸ਼ਮੂਲੀਅਤ ਕਰਨਗੇ ਤਾਂ ਕਿਸਾਨ ਸੰਘਰਸ਼ ਕਮਜ਼ੋਰ ਹੋਵੇਗਾ ਜੋ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਪੰਜਾਬੀ ਕਹਾਵਤ ਸੁਣਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਤਾਂ ਇਹ ਹਾਲ ਹੈ ਕਿ ‘ਪਿੰਡ ਉੱਜੜਿਆ ਜਾਂਦਾ ਹੈ ਤੇ ਗੰਜੀ ਨੂੰ ਨਹਾਉਣ ਦੀ ਹੋ ਰਹੀ ਹੈ’ । ਬੈਂਚ ਨੇ ਕਿਹਾ ਕਿ ਇਹ ਚੋਣਾਂ ਜਮਹੂਰੀਅਤ ਦੀ ਰੀਤ ਦੇ ਮੁਤਾਬਕ ਸਹੀ ਨਹੀਂ ਹਨ।
ਉਨ੍ਹਾਂ ਇਸ ਮੌਕੇ ਇਹ ਐਲਾਨ ਵੀ ਕੀਤਾ ਕਿ ਉਨ੍ਹਾਂ ਦੀ ਪਾਰਟੀ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਵਿਚ ਵੱਧ ਚਡ਼੍ਹ ਕੇ ਹਿੱਸਾ ਲਵੇਗੀ ਅਤੇ ਹੁਣੇ ਤੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।