ਕਿਸਾਨਾਂ ਲਈ ਫੇਸਬੁੱਕ, ਯੂਟਿਊਬ ਉਪਰ ਖੇਤੀ ਸੰਬੰਧੀ ਲਾਈਵ ਪ੍ਰੋਗਰਾਮ

TeamGlobalPunjab
4 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ਪੀ.ਏ.ਯੂ. ਲਾਈਵ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਹ ਪ੍ਰੋਗਰਾਮ ਕਿਸਾਨਾਂ, ਵਿਗਿਆਨੀਆਂ, ਵਿਦਿਆਰਥੀਆਂ, ਸੁਆਣੀਆਂ ਆਦਿ ਦੇ ਲਈ ਸਿਰਫ਼ ਪੰਜਾਬ ਵਿੱਚ ਹੀ ਹਰਮਨ ਪਿਆਰਾ ਨਹੀਂ, ਸਗੋਂ ਗੁਆਂਢੀ ਸੂਬਿਆਂ ਦੇ ਵਿੱਚ ਵੀ ਹਰਮਨ ਪਿਆਰਾ ਪ੍ਰੋਗਰਾਮ ਹੈ। ਇਹ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੇ ਪ੍ਰੋਗਰਾਮ ਦੇ ਖਤਮ ਹੋਣ ਉਪਰੰਤ ਕਹੇ। ਉਹਨਾਂ ਕਿਹਾ ਕਿ ਜਲਦੀ ਹੀ ਇਹ ਪ੍ਰੋਗਰਾਮ ਹਫ਼ਤੇ ਦੇ ਦੋ ਦਿਨ ਚਲਾਇਆ ਜਾਵੇਗਾ।

ਪ੍ਰੋਗਰਾਮ ਦੇ ਵਿੱਚ ਡਾ. ਪਰਮਜੀਤ ਕੌਰ (ਸਹਾਇਕ ਕੀਟ ਵਿਗਿਆਨੀ) ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਇਸ ਪੰਦਰਵਾੜੇ ਦੌਰਾਨ ਕੀਤੇ ਜਾਣ ਵਾਲੇ ਖੇਤੀ ਕਾਰਜਾਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਕਣਕ, ਦਾਲਾਂ, ਸਬਜ਼ੀਆਂ, ਆਲੂ, ਖੁੰਬਾਂ ਆਦਿ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਬੀਜ, ਡਾ. ਤਰਸੇਮ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ, ਸਬਜ਼ੀਆਂ ਦੇ ਤਿਆਰ ਕੀਤੇ ਬੀਜਾਂ ਦੇ ਮੁੱਲ ਅਤੇ ਪੈਕਿੰਗ ਬਾਰੇ ਚਰਚਾ ਕੀਤੀ । ਉਹਨਾਂ ਕਿਹਾ ਕਿ ਇਹ ਬੀਜ ਯੂਨੀਵਰਸਿਟੀ ਦੇ ਵੱਖ-ਵੱਖ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ. ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਘਰੇਲੂ ਖਪਤ ਲਈ ਤਿਆਰ ਕੀਤੀਆਂ ਕਿੱਟਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ । ਉਹਨਾਂ ਦੱਸਿਆ ਕਿ ਇਹ ਬੀਜ ਯੂਨੀਵਰਸਿਟੀ ਵੱਲੋਂ ਇੱਕ ਤਿਆਰ ਐਪ ‘ਫਾਰਮ ਇਨਪੁਟਸ’ ਰਾਹੀਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਉਪਰੰਤ ਯੂਨੀਵਰਸਿਟੀ ਦੇ ਫਾਰਮ ਪਾਵਰ ਅਤੇ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸੰਬੰਧੀ ਚਾਨਣਾ ਪਾਇਆ। ਉਹਨਾਂ ਆਂਕੜਿਆਂ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਸੰਭਾਲਣ ਦੇ ਵਿੱਚ ਖਰਚਾ ਵੀ ਘੱਟ ਆਉਂਦਾ ਹੈ । ਉਹਨਾਂ ਸੁਪਰ ਐਸ ਐਮ ਐਸ ਦੀ ਚੰਗੀ ਕਾਰਗੁਜ਼ਾਰੀ ਸੰਬੰਧੀ ਕੁਝ ਨੁਕਤੇ ਵੀ ਸਾਂਝੇ ਕੀਤੇ । ਡਾ. ਮਨਪ੍ਰੀਤ ਸਿੰਘ ਨੇ ਕਣਕ ਦੀ ਮਸ਼ੀਨਾਂ ਨਾਲ ਬਿਜਾਈ ਸੰਬੰਧੀ ਵੀ  ਚਾਨਣਾ ਪਾਇਆ । ਪ੍ਰੋਗਰਾਮ ਦੌਰਾਨ ਵਿਸ਼ੇਸ਼ਕਰ ਬੇਨਤੀ ਕੀਤੀ ਗਈ ਕਿ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਦੇ ਲਈ ਆਨਲਾਈਨ ਪ੍ਰਣਾਲੀ ਵੀ ਅਪਣਾਈ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਾਇਕ ਪ੍ਰੋਫੈਸਰ ਡਾ. ਲਵਲੀਸ਼ ਗਰਗ ਨੇ ਸੈਂਟਰ ਅਤੇ ਪੰਜਾਬ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਜਾਣ ਵਾਲੀਆਂ ਸਿਖਲਾਈਆਂ ਦੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਹ ਸਿਖਲਾਈ ਪ੍ਰਾਪਤ ਕਰਨ ਦੇ ਲਈ ਯੂਨੀਵਰਸਿਟੀ ਵੱਲੋਂ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ । ਉਹਨਾਂ ਦੱਸਿਆ ਕਿ ਅੱਜਕੱਲ ਦੇ ਸਮੇਂ ਇਸ ਸਿਖਲਾਈਆਂ ਆਨਲਾਈਨ ਤਰੀਕੇ ਨਾਲ ਵੀ ਲਗਾਈਆਂ ਜਾ ਰਹੀਆਂ ਹਨ ।

ਅੰਤ ਵਿੱਚ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਆਲੂ ਦੇ ਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ । ਉਹਨਾਂ ਆਲੂਆਂ ਦੇ ਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਦਾ ਜ਼ਿਕਰ ਵੀ ਕੀਤਾ । ਡਾ. ਅਮਰਜੀਤ ਸਿੰਘ ਨੇ ਕਣਕ ਦੀ ਕਰਨਾਲ ਬੰਟ ਬਿਮਾਰੀ ਤੋਂ ਬਚਣ ਦੇ ਨੁਕਤੇ ਵੀ ਸਾਂਝੇ ਕੀਤੇ । ਉਹਨਾਂ ਕਿਹਾ ਕਿ ਇਹਨਾਂ ਬਿਮਾਰੀਆਂ ਗ੍ਰਸਤ ਬੀਜ ਨੂੰ ਨਹੀਂ ਵਰਤਣਾ ਚਾਹੀਦਾ । ਡਾ. ਅਨਿਲ ਸ਼ਰਮਾ ਸੰਚਾਰ ਕੇਂਦਰ ਨੇ ਸਾਰੇ ਵਿਗਿਆਨੀਆਂ ਦਾ ਧੰਨਵਾਦ ਕੀਤਾ ।

- Advertisement -

 

Share this Article
Leave a comment