ਬ੍ਰਿਟਿਸ਼ ਕੋਲੰਬੀਆ: ਕੈਨੇਡਾ ‘ਚ ਰਹਿਣ ਵਾਲੇ ਪੰਜਾਬੀ ਨੌਜਵਾਨ ਨੂੰ ਅਮਰੀਕਾ ‘ਚ ਵੱਡਾ ਮਾਣ ਹਾਸਲ ਹੋਇਆ ਹੈ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ’ ‘ਚ ਆਪਣਾ ਨਾਮ ਸ਼ੁਮਾਰ ਕਰਵਾਉਣ ਵਾਲੇ ਸੰਦੀਪ ਸਿੰਘ ਕੈਲਾ ਦੇ ਰਿਕਾਰਡ ਨੂੰ ਹੁਣ ਅਮਰੀਕਾ ਦੀ ਪੜ੍ਹਾਈ ਦੇ ਸਿਲੇਬਸ ‘ਚ ਸ਼ਾਮਲ ਕੀਤਾ ਜਾਵੇਗਾ।
ਅਮਰੀਕਾ ਦੀ ਇੱਕ ਲਿਟਰੇਸੀ ਐਜ਼ੂਕੇਸਨ ਪ੍ਰੋਗਰਾਮ ਅਚੀਵ 3000 ਸੰਸਥਾ ਵਲੋਂ ਹਰ ਸਾਲ 3 ਨਵੇਂ ਗਿੰਨੀਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਦਰਜ ਕੀਤਾ ਜਾਂਦਾ ਹੈ। ਜਿਸ ‘ਚ ਹੁਣ ਸੰਦੀਪ ਦਾ ਨਾਮ ਵੀ ਸ਼ਾਮਲ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਾ ਸੰਦੀਪ ਪਹਿਲਾ ਪੰਜਾਬੀ ਗਿੰਨੀਜ਼ ਵਰਲਡ ਰਿਕਾਰਡ ਹੋਲਡਰ ਬਣ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ, ‘ਲਿਟਰੇਸੀ ਐਜ਼ੂਕੇਸਨ ਪ੍ਰੋਗਰਾਮ ਅਚੀਵ 3000 ਸੰਸਥਾ ਦੀ ਮੈਨੇਜਰ ਮਾਰਗਰੀਟ ਨੇ ਈਮੇਲ ਰਾਹੀਂ ਮੇਰੇ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮੇਰਾ ਨਾਂ ਸਿਲੇਬਸ ‘ਚ ਦਰਜ ਕਰ ਰਹੀ ਹੈ।’
ਸੰਦੀਪ ਨੇ ਦੱਸਿਆ ਕਿ, ‘ਵੱਖ-ਵੱਖ ਕਲਾਸਾਂ ਅਤੇ ਵੱਖ-ਵੱਖ ਲੈਵਲ ਦੇ ਵਿਦਿਆਰਥੀਆਂ ਲਈ ਇੱਕ ਵੀਡਿਓ, ਫੋਟੋ ਸਲਾਈਡ ਸ਼ੋਅ ਅਤੇ ਇੱਕ ਮੇਰੀ ਜ਼ਿੰਦਗੀ ਅਤੇ ਮੇਰੇ ਵਲੋਂ ਬਣਾਏ ਗਏ ਰਿਕਾਰਡ ਸਬੰਧੀ ਲੇਖ ਹੋਵੇਗਾ, ਜਿਸਨੂੰ ਵਿਦਿਆਰਥੀ ਪੜ੍ਹਨਗੇ ’ਤੇ ਦੇਖਣਗੇ। ਫਿਰ ਉਸ ਵਿੱਚੋਂ ਹੀ ਉਨ੍ਹਾਂ ਦੀ ਇੱਕ ਪ੍ਰੀਖਿਆ ਹੋਵੇਗੀ।’
ਦੱਸ ਦਈਏ ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਦੇ ਸੰਦੀਪ ਸਿੰਘ ਕੈਲਾ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ’ ‘ਚ ਆਪਣਾ ਨਾਂ 3 ਵਾਰ ਸ਼ੁਮਾਰ ਕਰਵਾ ਚੁੱਕੇ ਹਨ। ਸੰਦੀਪ ਨੇ ਟੂਥਬਰੱਸ਼ ‘ਤੇ 1:08.15 ਮਿੰਟ ਤੱਕ ਬਾਸਕੇਟਬਾਲ ਘੁਮਾ ਕੇ ਤੀਜੀ ਵਾਰ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਸੀ।