ਲੁਧਿਆਣਾ ‘ਚ ਪ੍ਰਦਰਸ਼ਨ ਦੌਰਾਨ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ, ਬੈਂਸ ਭਰਾਵਾਂ ਸਣੇ ਕਈ ਨਾਮਜ਼ਦ

TeamGlobalPunjab
1 Min Read

ਲੁਧਿਆਣਾ: ਲੁਧਿਆਣਾ ‘ਚ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਨ ‘ਤੇ ਥਾਣਾ ਡਿਵੀਜ਼ਨ ਪੰਜ ਦੀ ਪੁਲਿਸ ਨੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ, ਉਨ੍ਹਾਂ ਦੇ ਭਰਾ ਵਿਧਾਇਕ ਬਲਵਿੰਦਰ ਬੈਂਸ ਤੇ ਸੰਨੀ ਕੈਂਥ ਸਣੇ 32 ਪ੍ਰਦਰਸ਼ਨਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ 60 ਦੇ ਲਗਭਗ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਥਾਣਾ ਡਿਵੀਜ਼ਨ ਪੰਜ ਦੀ ਸਬ ਇੰਸਪੈਕਟਰ ਰਿਚਾ ਕੁਮਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੋਵਿਡ ਕਾਲ ਦੌਰਾਨ ਪ੍ਰਦਰਸ਼ਨ ‘ਤੇ ਰੋਕ ਲਗਾਈ ਹੋਈ ਹੈ। ਇਸ ਦੇ ਬਾਵਜੂਦ ਪ੍ਰਦਰਸ਼ਨ ਕਰਨ ‘ਤੇ ਆਈਪੀਸੀ ਦੀ ਧਾਰਾ 188 ਅਤੇ 269 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਧਰਨੇ ਦੌਰਾਨ ਲਿਪ ਆਗੂਆਂ ਅਤੇ ਵਿਧਾਇਕਾਂ ਨੇ ਪੂਰੀ ਤਰ੍ਹਾਂ ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾਈਆਂ। ਬਹੁਤ ਸਾਰੇ ਆਗੂਆਂ ਨੇ ਮਾਸਕ ਵੀ ਨਹੀਂ ਪਹਿਨੇ ਸਨ ਅਤੇ ਇੱਕ – ਦੂੱਜੇ ਦੇ ਨਾਲ ਜੁੜ ਕੇ ਬੈਠੇ ਸਨ। ਧਰਨੇ ਵਿੱਚ ਵੱਡੀ ਗਿਣਤੀ ‘ਚ ਬਜ਼ੁਰਗ ਵੀ ਸ਼ਾਮਲ ਸਨ।

ਦਸ ਦਈਏ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਰੋਸ ਪ੍ਰਦਰਸ਼ਨ ‘ਤੇ ਰੋਕ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਅਜਿਹਾ ਕੀਤਾ ਗਿਆ। ਇਸ ‘ਤੇ ਬੈਂਸ ਦਾ ਕਹਿਣਾ ਸੀ ਕਿ ਕੋਰੋਨਾ ਦੇ ਸਾਰੇ ਨਿਯਮਾਂ ਤੋਂ ਉਪਰ ਦਸਤਾਰ ਦਾ ਸਨਮਾਨ ਉਨ੍ਹਾਂ ਦੇ ਲਈ ਸਭ ਤੋਂ ਵੱਡਾ ਹੈ।

- Advertisement -

Share this Article
Leave a comment