ਨਿਊਜ਼ ਡੈਸਕ: ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚ ਸ਼ੁਮਾਰ ਲਿਓਨੇਲ ਮੇਸੀ ਨੇ ਅਰਜਨਟੀਨਾ ਦੀ ਨੇਸ਼ਨਲ ਟੀਮ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੇਸੀ ਨੇ ਅਰਜਨਟੀਨਾ ਲਈ ਆਪਣਾ ਆਖਰੀ ਮੈਚ 2026 ਫੀਫਾ ਵਰਲਡ ਕੱਪ ਦੇ ਫਾਈਨਲ ਵਿੱਚ ਖੇਡਿਆ, ਜਿੱਥੇ ਅਰਜਨਟੀਨਾ ਨੂੰ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇੱਕ ਭਾਵੁਕ ਬਿਆਨ ਵਿੱਚ ਮੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਫਾਈਨਲ ਤੋਂ ਸਿਰਫ਼ ਦੋ ਦਿਨ ਬਾਅਦ ਹੀ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਮੁਤਾਬਕ ਪਿਤਾ ਜੌਰਜ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਇਸ ਫੈਸਲੇ ’ਤੇ ਹੋਰ ਵੀ ਪੱਕਾ ਭਰੋਸਾ ਹੋ ਗਿਆ।
20 ਸਾਲਾਂ ਤੱਕ ਅਰਜਨਟੀਨਾ ਦੀ ਪਛਾਣ ਬਣੇ ਰਹੇ
ਮੇਸੀ ਨੇ 17 ਅਗਸਤ 2005 ਨੂੰ 18 ਸਾਲ ਦੀ ਉਮਰ ਵਿੱਚ ਹੰਗਰੀ ਖ਼ਿਲਾਫ਼ ਦੋਸਤਾਨਾ ਮੈਚ ਰਾਹੀਂ ਅਰਜਨਟੀਨਾ ਲਈ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਟੀਮ ਦੀ ਪਛਾਣ, ਸ਼ਾਨ ਅਤੇ ਉਮੀਦ ਬਣੇ ਰਹੇ।
ਉਨ੍ਹਾਂ ਨੇ 2022 ਦੇ ਕਤਰ ਵਰਲਡ ਕੱਪ ਵਿੱਚ ਅਰਜਨਟੀਨਾ ਨੂੰ ਚੈਂਪੀਅਨ ਬਣਾਇਆ ਅਤੇ ਆਪਣੀ ਦੂਜੀ ਗੋਲਡਨ ਬਾਲ ਜਿੱਤੀ। ਇਸ ਤੋਂ ਇਲਾਵਾ 2021 ਅਤੇ 2024 ਵਿੱਚ ਲਗਾਤਾਰ ਕੋਪਾ ਅਮਰੀਕਾ ਖਿਤਾਬ ਜਿੱਤੇ। 2022 ਵਿੱਚ ਇਟਲੀ ਖ਼ਿਲਾਫ਼ ਫਾਈਨਲਿਸੀਮਾ ਟਰਾਫੀ ਵੀ ਆਪਣੇ ਨਾਮ ਕੀਤੀ।
ਮੇਸੀ ਦੇ ਨਾਮ ਕਈ ਵੱਡੀਆਂ ਉਪਲਬਧੀਆਂ
ਮੇਸੀ ਨੇ 2008 ਬੀਜਿੰਗ ਓਲੰਪਿਕ ਵਿੱਚ ਗੋਲਡ ਮੈਡਲ ਅਤੇ 2005 ਫੀਫਾ U-20 ਵਰਲਡ ਕੱਪ ਵੀ ਜਿੱਤਿਆ। ਅਰਜਨਟੀਨਾ ਲਈ ਕੁੱਲ 207 ਮੈਚ ਖੇਡਦਿਆਂ ਉਨ੍ਹਾਂ ਨੇ 125 ਗੋਲ ਕੀਤੇ ਅਤੇ 65 ਗੋਲ ਕਰਨ ਵਿੱਚ ਮਦਦ ਕੀਤੀ।
ਹਾਲਾਂਕਿ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਬਾਵਜੂਦ ਮੇਸੀ ਕਲੱਬ ਪੱਧਰ ’ਤੇ ਇੰਟਰ ਮਿਆਮੀ ਲਈ ਖੇਡਣਾ ਜਾਰੀ ਰੱਖਣਗੇ।
ਮੇਸੀ ਨੇ ਕਿਹਾ- ‘ਮੈਂ ਆਪਣਾ ਸਭ ਕੁਝ ਦੇ ਦਿੱਤਾ’
ਆਪਣੇ ਬਿਆਨ ਵਿੱਚ ਮੇਸੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਲਈ ਬੇਹੱਦ ਦੁਖਦਾਈ ਹੈ, ਪਰ ਉਹ ਸਮਝਦੇ ਹਨ ਕਿ ਹੁਣ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਅਰਜਨਟੀਨਾ ਦੀ ਜਰਸੀ ਲਈ ਆਪਣਾ ਸਭ ਕੁਝ ਦਿੱਤਾ ਅਤੇ ਫੁੱਟਬਾਲ ਰਾਹੀਂ ਲੋਕਾਂ ਨੂੰ ਦੇਸ਼ ’ਤੇ ਮਾਣ ਕਰਨ ਵਾਲੇ ਪਲ ਦੇਣ ਦੀ ਕੋਸ਼ਿਸ਼ ਕੀਤੀ।
ਮੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਨੇਸ਼ਨਲ ਟੀਮ ਦਾ ਹਿੱਸਾ ਬਣੇ ਰਹਿਣਾ ਹਮੇਸ਼ਾ ਪਸੰਦ ਰਹੇਗਾ, ਪਰ ਹੁਣ ਉਨ੍ਹਾਂ ਕੋਲ ਦੇਣ ਲਈ ਹੋਰ ਕੁਝ ਨਹੀਂ ਬਚਿਆ। ਉਨ੍ਹਾਂ ਇਹ ਵੀ ਕਿਹਾ ਕਿ ਕਈ ਸ਼ਾਨਦਾਰ ਨੌਜਵਾਨ ਖਿਡਾਰੀ ਆ ਰਹੇ ਹਨ, ਜੋ ਟੀਮ ਵਿੱਚ ਜਗ੍ਹਾ ਦੇ ਹੱਕਦਾਰ ਹਨ।
View this post on Instagram
ਪਰਿਵਾਰ ਅਤੇ ਟੀਮ ਦਾ ਕੀਤਾ ਧੰਨਵਾਦ
ਮੇਸੀ ਨੇ ਆਪਣੇ ਪਰਿਵਾਰ, ਕੋਚਾਂ, ਸਾਥੀ ਖਿਡਾਰੀਆਂ ਅਤੇ ਡਾਇਰੈਕਟਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ 20 ਸਾਲਾਂ ਦੇ ਸਫ਼ਰ ਦੌਰਾਨ ਮਿਲਿਆ ਪਿਆਰ ਉਹ ਕਦੇ ਨਹੀਂ ਭੁੱਲਣਗੇ।
ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਅਤੇ ਮਾਣ ਨਾਲ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਟੀਮ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਉਹ ਪਲ ਦਿੱਤੇ ਜਿਨ੍ਹਾਂ ਦਾ ਕਦੇ ਸੁਪਨਾ ਦੇਖਿਆ ਸੀ।
ਅੰਤ ਵਿੱਚ ਮੇਸੀ ਨੇ ਅਰਜਨਟੀਨਾ ਦਾ ਨਾਗਰਿਕ ਬਣਾਉਣ ਲਈ ਰੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 21 ਜੁਲਾਈ ਨੂੰ ਫਾਈਨਲ ਤੋਂ ਦੋ ਦਿਨ ਬਾਅਦ ਲਿਖਿਆ ਫੈਸਲਾ, ਆਪਣੇ ਪਿਤਾ ਨਾਲ ਵਾਪਰੀ ਘਟਨਾ ਤੋਂ ਬਾਅਦ ਉਨ੍ਹਾਂ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਪੱਕਾ ਹੋ ਗਿਆ ਹੈ।

