ਕੈਨੇਡਾ: ਕੈਨੇਡਾ ਦੇ ਐਮਰਜੰਸੀ ਰੂਮ ਡਾਕਟਰ ਤੇ ਨਰਸਾਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਅਜੇ ਤੱਕ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਹੀ ਹਾਸਲ ਨਹੀਂ ਹੋਈ। ਸਾਰਨੀਆ, ਓਨਟਾਰੀਓ ਦੀ ਇੱਕ ਰਜਿਸਟਰਡ ਨਰਸ ਅਮਾਂਡਾ ਡੌਜ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ 26 ਫਰਵਰੀ ਨੂੰ ਲੱਗੀ ਸੀ ਤੇ ਉਸ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ 27 ਮਾਰਚ ਨੂੰ ਲੱਗਣੀ ਸੀ ਪਰ ਉਹ ਅਪੁਆਇੰਟਮੈਂਟ ਰੱਦ ਹੋ ਗਈ। ਹੁਣ ਤੱਕ ਉਸ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲੱਗ ਸਕੀ ਹੈ।
ਜ਼ਿਕਰਯੋਗ ਹੈ ਕਿ 3 ਮਾਰਚ ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਦੋ ਡੋਜ਼ਾਂ ਦਰਮਿਆਨ ਵਕਫਾ ਤਿੰਨ ਜਾਂ ਚਾਰ ਹਫਤੇ ਤੋਂ 16 ਹਫਤੇ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ਂ ਹਾਸਲ ਹੋ ਸਕੇ ਤੇ ਵਾਇਰਸ ਦੇ ਪਸਾਰ ਨੂੰ ਜਲਦ ਤੋਂ ਜਲਦ ਰੋਕਣ ਵਿੱਚ ਮਦਦ ਮਿਲ ਸਕੇ। ਇਹ ਫੈਸਲਾ ਵੈਕਸੀਨ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ ਸੀ।
ਡੌਜ ਮੈਕਲੀਨ ਇਸ ਸਮੇਂ 11 ਤੋਂ 16ਵੇਂ ਹਫਤੇ ਵਿੱਚ ਦਾਖਲ ਹੋ ਚੁੱਕੀ ਹੈ ਪਰ ਉਸ ਨੂੰ ਅਜੇ ਤੱਕ ਦੂਜੀ ਡੋਜ਼ ਹਾਸਲ ਨਹੀਂ ਹੋਈ।ਡੌਜਂ ਮੈਕਲੀਨ ਹੀ ਅਜਿਹੀ ਫਰੰਟ ਲਾਈਨ ਵਰਕਰ ਨਹੀਂ ਹੈ ਜਿਸ ਨੂੰ ਵੈਕਸੀਨ ਦੀ ਦੂਜੀ ਡੋਜ਼ ਨਸੀਬ ਨਹੀਂ ਹੋਈ। ਵੀਰਵਾਰ ਨੂੰ ਰਜਿਸਟਰਡ ਨਰਸਿਜ਼ ਐਸੋਸਿਏਸ਼ਨ ਆਫ ਓਨਟਾਰੀਓ (ਆਰ ਐਨ ਏ ਓ), ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼, ਸਰਵਿਸ ਇੰਪਲੌਈਜ਼ ਇੰਟਰਨੈਸ਼ਨਲ ਯੂਨੀਅਨ ਤੇ ਓਨਟਾਰੀਓ ਨਰਸਿਜ਼ ਐਸੋਸਿਏਸ਼ਨ ਵੱਲੋਂ ਹੈਲਥ ਕੇਅਰ ਗਰੁੱਪਜ਼ ਨੂੰ ਵੈਕਸੀਨ ਦੀ ਦੂਜੀ ਡੋਜ਼ ਤਰਜੀਹੀ ਤੌਰ ਉੱਤੇ ਦੇਣ ਦੀ ਮੰਗ ਕੀਤੀ ਗਈ।