ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ’ਚ ਡੀ.ਏ.ਪੀ. ਖਾਦ ਦੇ ਹੋਰ ਡੂੰਘੇ ਹੋਏ ਸੰਕਟ ਲਈ ਸੱਤਾਧਾਰੀ ਕਾਂਗਰਸ ਨੂੰ ਵੀ ਕੇਂਦਰ ਦੀ ਮੋਦੀ ਸਰਕਾਰ ਜਿੰਨਾਂ ਜ਼ਿੰਮੇਵਾਰ ਠਹਿਰਾਇਆ ਹੈ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੇਂਦਰ (ਮੋਦੀ) ਸਰਕਾਰ ਦੀ ਕਠਪੁਤਲੀ ਬਣ ਚੁੱਕੇ ਹਨ। ਆਪਣੀਆਂ ਅਣਗਿਣਤ ਕਮਜ਼ੋਰੀਆਂ ਕਾਰਨ ਬੇਹੱਦ ਕਮਜ਼ੋਰ ਸਾਬਿਤ ਹੋਈ ਚੰਨੀ ਸਰਕਾਰ ਕਾਰਨ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਵਿਰੁੱੱਧ ਕਿੜ੍ਹ ਕੱਢਣ ਦੀ ਜ਼ੁਅੱਰਤ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਅੰਨਦਾਤਾ ਦੀ ਅਗਵਾਈ ਕਰ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਅਧਿਕਾਰਾਂ ਅਤੇ ਕਿਸਾਨਾਂ ਦੇ ਹੱਕਾਂ ਉਤੇ ਸਿੱਧਾ ਹਮਲਾ ਕਰ ਰਹੀ ਕੇਂਦਰ ਸਰਕਾਰ ਉਤੇ ਚੰਨੀ ਸਰਕਾਰ ਦਾ ਥੋੜਾ- ਬਹੁਤਾ ਵੀ ਦਬਾਅ ਹੁੰਦਾ ਤਾਂ ਮੋਦੀ ਸਰਕਾਰ ਡੀਏਪੀ ਖਾਦ ਦੀ ਸਪਲਾਈ ’ਚ ਪੰਜਾਬ ਨਾਲ ਇਸ ਹੱਦ ਤੱਕ ਪੱਖਪਾਤ ਨਾ ਕਰ ਸਕਦੀ। ਚੀਮਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਸਿਖਰਾਂ ’ਤੇ ਹੈ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਅਜੇ ਤੱਕ ਖਾਦ ਦਾ ਸਿਰਫ਼ 41 ਫ਼ੀਸਦੀ ਹਿੱਸਾ ਪ੍ਰਾਪਤ ਹੋਇਆ ਹੈ, ਜਦੋਂਕਿ ਕੁੱਲ 35 ਲੱਖ ਹੈਕਟੇਅਰ ਖੇਤਰ ਵਿੱਚ ਕਣਕ ਦੀ ਬਿਜਾਈ ਲਈ ਅਜੇ ਵੀ 3.50 ਲੱਖ ਟਨ ਡੀਏਪੀ ਖਾਦ ਦੀ ਕਮੀ ਹੈ।
ਕੇਂਦਰ ਵੱਲੋਂ ਕੀਤੇ ਪੱਖਪਾਤ ਉਪਰ ਚੰਨੀ ਸਰਕਾਰ ਵੱਲੋਂ ਹੱਥ ’ਤੇ ਹੱਥ ਧਰੇ ਬੈਠੇ ਰਹਿਣ ਦੀ ਨਿਖੇਧੀ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪਣੀ ਕੁਰਸੀ ਬਚਾਉਣ ਲਈ ਜੋ ਮੁੱਖ ਮੰਤਰੀ ਹਰ ਦੂਜੇ ਦਿਨ ‘ਦਿੱਲੀ ਦਰਬਾਰ’ ਹਾਜ਼ਰੀ ਭਰਦੇ ਰਹੇ, ਉਹ ਡੀਏਪੀ ਖਾਦ ਦੀ ਕਿਲਤ ਨੂੰ ਦੂਰ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਸੰਬੰਧਿਤ ਕੇਂਦਰੀ ਮੰਤਰੀਆਂ ਨੂੰ ਕਿਉਂ ਨਹੀਂ ਮਿਲੇ? ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਜਿਸ ਤਰ੍ਹਾਂ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ- ਕਾਰੋਬਾਰੀਆਂ ਵਿਰੁੱਧ ਬਦਲੇਖ਼ੋਰੀ ਨਾਲ ਮਾਰੂ ਫ਼ੈਸਲੇ ਲੈ ਰਹੀ ਹੈ, ਬਿਹਤਰ ਹੁੰਦਾ ਚੰਨੀ ਸਰਕਾਰ ਮੋਦੀ ਦਰਬਾਰ ਮੂਹਰੇ ਧਰਨਾ ਲਾ ਕੇ ਬੈਠ ਜਾਂਦੀ। ਕਿਉਂਕਿ ਜਿੱਥੇ ਪੰਜਾਬ ਨੂੰ ਡੀਏਪੀ ਖਾਦ ਦੀ ਕੁੱਲ ਲੋੜ ਦੀ ਮਹਿਜ਼ 41 ਫ਼ੀਸਦੀ ਅਲਾਟਮੈਂਟ ਕੀਤੀ ਹੈ, ਉਥੇ ਹੀ ਹਰਿਆਣਾ ਨੂੰ 89 ਫ਼ੀਸਦੀ ਅਤੇ ਉਤਰ ਪ੍ਰਦੇਸ਼ 170 ਫ਼ੀਸਦੀ ਅਤੇ ਰਾਜਸਥਾਨ ਨੂੰ 88 ਫ਼ੀਸਦੀ ਡੀਏਪੀ ਖਾਦ ਦੀ ਪੂਰਤੀ ਕੀਤੀ ਜਾ ਚੁੱਕੀ ਹੈ।
ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਡੀਏਪੀ ਖਾਦੀ ਦੀ ਕਿੱਲਤ ਕਾਰਨ ਕਾਲ਼ਾਬਾਜ਼ਾਰੀ ਸਿਖਰਾਂ ’ਤੇ ਹੈ, ਜਿਸ ਕਾਰਨ ਡੀਏਪੀ ਖਾਦ ਦਾ ਥੈਲਾ ਦੁੱਗਣੇ ਭਾਅ (1200 ਰੁਪਏ ਥੈਲਾ) ’ਤੇ ਵਿਕ ਰਿਹਾ ਹੈ ਅਤੇ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ, ਪ੍ਰੰਤੂ ਚੰਨੀ ਸਰਕਾਰ ਅਜੇ ਵੀ ਸੁੱਤੀ ਪਈ ਹੈ। ਚੀਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀਏਪੀ ਖਾਦ ਦੀ ਕਿੱਲਤ ਦੂਰ ਕਰਾਉਣ ਲਈ ਮੋਦੀ ਸਰਕਾਰ ਕੋਲ ਜਾ ਕੇ ਦਬਾਅ ਨਹੀਂ ਬਣਾਉਂਦੀ ਤਾਂ ‘ਆਪ’ ਮੁੱਖ ਮੰਤਰੀ ਚੰਨੀ ਖ਼ਿਲਾਫ਼ ਮੋਰਚਾ ਖੋਲ੍ਹੇਗੀ।