ਸਰੀ: ਕੈਨੇਡਾ ਦੇ ਮਸ਼ਹੂਰ ਬਾਈਕਰ ਗਰੁੱਪ ‘ਹੈੱਲਜ਼ ਏਂਜਲਸ’ ਦੇ ਮੈਂਬਰ ਸੁਮਿੰਦਰ ਸਿੰਘ ਗਰੇਵਾਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਬੀਤੇ ਜੂਨ ਮਹੀਨੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਕਾਤਲਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਬੀ.ਸੀ. ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਉਂਦਿਆਂ ਦੋਵਾਂ ਹਮਲਾਵਰਾਂ ਨੂੰ 20 ਸਾਲ ਤੱਕ ਕੋਈ ਪੈਰੋਲ ਨਾਂ ਦੇਣ ਦੇ ਹੁਕਮ ਦਿੱਤੇ।
ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਾਈਕਲ ਜੇ. ਬਰੁੰਡਰੈੱਟ ਨੇ ਬੀਤੀ 10 ਸਤੰਬਰ ਨੂੰ ਜ਼ੁਬਾਨੀ ਤੌਰ ’ਤੇ ਇਹ ਫ਼ੈਸਲਾ ਸੁਣਾਇਆ ਸੀ ਕਿ ਸਰੀ ’ਚ 2 ਅਗਸਤ 2019 ਨੂੰ ਸੁਮਿੰਦਰ ਸਿੰਘ ਗਰੇਵਾਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਕੇਸ ਵਿੱਚ ਦੋ ਅਪਰਾਧੀਆਂ ਨੂੰ ਫਸਟ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ 2 ਅਗਸਤ 2019 ਦੀ ਸਵੇਰ ਜਦੋਂ ਸੁਮਿੰਦਰ ਗਰੇਵਾਲ ਆਪਣੀ ਕਾਰ ’ਚ ਘਰੋਂ ਨਿਕਲਿਆ। ਉਸੇ ਦੌਰਾਨ ਦੋ ਵਿਅਕਤੀਆਂ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ, ਜਦੋਂ ਉਹ ਦੱਖਣੀ ਸਰੀ ’ਚ ਸਥਿਤ ਸਾਊਥਪੁਆਇੰਟ ਐਕਸਚੇਂਜ ਮੌਲ ਦੇ ਨੇੜੇ ਸਟਾਰਬੱਕ ਡਰਾਈਵ-ਥਰੂ ਵਿਖੇ ਪਹੁੰਚਿਆ ਤਾਂ ਉਨ੍ਹਾਂ ਨੇ ਉਸ ’ਤੇ ਅੰਨ੍ਹੇਵਾਹ ਗੋੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਪਰ ਪੁਲਿਸ ਨੇ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਸ਼ਨਾਖਤ ਕੈਲਵਿਨ ਜੂਨੀਅਰ ਪਾਵਰੀ-ਹੂਕਰ ਅਤੇ ਨਾਥਨ ਜੇਮਜ਼ ਡੀ ਜੌਂਗ ਵਜੋਂ ਹੋਈ।
ਜਾਣਕਾਰੀ ਮੁਤਾਬਕ ਸੁਮਿੰਦਰ ਗਰੇਵਾਲ ਵਾਰਦਾਤ ਵਾਲੇ ਦਿਨ ਗੱਡੀ ’ਚ ਬਿਲਕੁਲ ਨਿਹੱਥਾ ਤੇ ਇਕੱਲਾ ਸੀ, ਉਸ ਦੀ ਗੱਡੀ ’ਚੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਜਦਕਿ ਹਮਲਾਵਰਾਂ ਕੋਲੋਂ ਕਈ ਖ਼ਤਰਨਾਕ ਹਥਿਆਰ ਬਰਾਮਦ ਹੋਏ ਸਨ।