ਮੋਹਾਲੀ : ਮੋਹਾਲੀ ਦੇ ਚਰਚਿਤ ਸੁੱਚਾ ਸਿੰਘ ਕਤਲ ਕਾਂਡ ਵਿੱਚ ਅਦਾਲਤ ਨੇ ਇਨਸਾਫ਼ ਦੀ ਮੋਹਰ ਲਗਾਉਂਦਿਆਂ ਦੋਸ਼ੀ ਠਹਿਰਾਏ ਗਏ ਜਾਗੀਰ ਸਿੰਘ ਨੂੰ ਆਖ਼ਰੀ ਸਾਹ ਤੱਕ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਨਾਲ ਹੀ ਦੋਸ਼ੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ‘ਤੇ ਦੋਸ਼ੀ ਨੂੰ 6 ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ।
ਦੱਸਣਾ ਬਣਦਾ ਹੈ ਕਿ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਪਿੱਛੇ ਮ੍ਰਿਤਕ ਸੁੱਚਾ ਸਿੰਘ ਦੇ ਪਾਲਤੂ ਕੁੱਤੇ ਰੌਕੀ ਦਾ ਵੱਡਾ ਹੱਥ ਹੈ। ਜੇਕਰ ਇਹ ਕੁੱਤਾ ਨਾ ਹੁੰਦਾ ਤਾਂ ਸ਼ਾਇਦ ਇਸ ਕਤਲ ਦੇ ਰਹੱਸ ਤੋਂ ਪਰਦਾ ਨਾ ਉਠ ਪਾਉਂਦਾ।
ਸਜ਼ਾ ਸੁਣਾਏ ਜਾਣ ਵੇਲੇ 67 ਸਾਲਾ ਜਾਗੀਰ ਸਿੰਘ ਨੇ ਆਪਣੀ ਉਮਰ ਅਤੇ ਬੀਮਾਰ ਪਤਨੀ ਦੀ ਹਵਾਲਾ ਦਿੰਦੇ ਹੋਏ ਰਹਿਮ ਦੀ ਗੁਹਾਰ ਲਗਾਈ ਸੀ। ਉਸ ਦਾ ਤਰਕ ਸੀ ਕਿ ਵਿਆਹ ਤੋਂ ਬਾਅਦ ਉਸ ਦੇ ਤਿੰਨੇ ਬੱਚੇ ਵੱਖਰੇ ਰਹਿੰਦੇ ਹਨ ਅਤੇ ਘਰ ਵਿੱਚ ਪਤਨੀ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ, ਪਰ ਅਦਾਲਤ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਦੀ ਇਹ ਅਪੀਲ ਖ਼ਾਰਜ ਕਰ ਦਿੱਤੀ।
ਮੁੱਲਾਂਪੁਰ ਦੇ ਪਿੰਡ ਛੋਟੀ ਬੜੀ ਨੰਗਲ (ਮੁੱਲਾਂਪੁਰ ਗਰੀਬਦਾਸ) ਦਾ ਰਹਿਣ ਵਾਲਾ ਸੁੱਚਾ ਸਿੰਘ ਬੱਕਰੀਆਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸਨੇ ਦੋ ਬੱਕਰੀਆਂ ਅਤੇ ਚਾਰ ਮੇਮਣੇ ਪਡੋਲ ਪਿੰਡ ਦੇ ਰਹਿਣ ਵਾਲੇ ਜਗੀਰ ਸਿੰਘ ਉਰਫ਼ ਘੋਲਾ ਨੂੰ 40,000 ਰੁਪਏ ਵਿੱਚ ਵੇਚ ਦਿੱਤੇ। ਦੋਸ਼ ਹੈ ਕਿ ਜਦੋਂ ਉਸਨੇ ਆਪਣੇ ਪੈਸੇ ਮੰਗੇ ਤਾਂ ਜਗੀਰ ਸਿੰਘ ਨੇ ਪੈਸੇ ਦੇਣ ਦੀ ਬਜਾਏ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਝਗੜੇ ਕਾਰਨ ਸੁੱਚਾ ਸਿੰਘ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ।
ਘਟਨਾ ਤੋਂ ਬਾਅਦ ਜਦੋਂ ਕਈ ਦਿਨਾਂ ਤੱਕ ਸੁੱਚਾ ਸਿੰਘ ਦਾ ਕੋਈ ਸੁਰਾਗ ਨਾ ਮਿਲਿਆ, ਤਾਂ ਪਰਿਵਾਰਕ ਮੈਂਬਰ ਆਪਣੇ ਵਫ਼ਾਦਾਰ ਕੁੱਤੇ ‘ਰਾਕੀ’ ਨੂੰ ਨਾਲ ਲੈ ਕੇ ਸ਼ੱਕੀ ਬਣਾਏ ਗਏ ਜਾਗੀਰ ਸਿੰਘ ਦੇ ਫ਼ਾਰਮ ਹਾਊਸ ‘ਤੇ ਪਹੁੰਚੇ। ਜ਼ਮੀਨ ‘ਤੇ ਪੈਰ ਧਰਦਿਆਂ ਹੀ ਰਾਕੀ ਨੇ ਮਾਹੌਲ ਨੂੰ ਸੁੰਘਣਾ ਸ਼ੁਰੂ ਕੀਤਾ ਅਤੇ ਸਿੱਧਾ ਇੱਕ ਕੰਧ ਲਾਗੇ ਪੁੱਟੀ ਹੋਈ ਥਾਂ ‘ਤੇ ਜਾ ਕੇ ਭੌਂਕਣ ਲੱਗ ਪਿਆ। ਉਸ ਨੇ ਜ਼ਮੀਨ ਵੱਲ ਇਸ਼ਾਰੇ ਕਰਕੇ ਪਰਿਵਾਰ ਨੂੰ ਖ਼ਤਰੇ ਦੀ ਘੰਟੀ ਵਜਾਈ। ਜਦੋਂ ਮੌਕੇ ‘ਤੇ ਮਿੱਟੀ ਫਰੋਲੀ ਗਈ ਤਾਂ ਹੇਠਾਂ ਤੋਂ ਸੁੱਚਾ ਸਿੰਘ ਦਾ ਪੈਰ ਅਤੇ ਕੱਪੜੇ ਨਜ਼ਰ ਆਏ।
ਮੁੱਲਾਂਪੁਰ ਗਰੀਬਦਾਸ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜੇ.ਸੀ.ਬੀ. ਮਸ਼ੀਨ ਰਾਹੀਂ ਖੱਡੇ ਦੀ ਖੁਦਾਈ ਕਰਵਾਈ। ਜਦੋਂ ਲਾਸ਼ ਬਾਹਰ ਆਈ ਤਾਂ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਲਾਸ਼ ਦਾ ਧੜ ਤਾਂ ਮੌਜੂਦ ਸੀ, ਪਰ ਧੌਣ ਤੋਂ ਸਿਰ ਗਾਇਬ ਸੀ। ਪੁਲਿਸ ਨੇ 17 ਜੂਨ 2021 ਨੂੰ ਮਾਮਲਾ ਦਰਜ (FIR ਨੰ. 84) ਕਰਕੇ ਜਾਗੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ। ਪੁਲਿਸ ਦੀਆਂ ਸਖ਼ਤ ਪੁੱਛਗਿੱਛ ਦੀਆਂ ਤਕਨੀਕਾਂ ਅੱਗੇ ਮੁਲਜ਼ਮ ਟੁੱਟ ਗਿਆ ਅਤੇ ਉਸ ਦੀ ਦੱਸੇ ਮੁਤਾਬਕ ਨੇੜਲੇ ਇਲਾਕੇ ਤੋਂ ਹੀ ਸੁੱਚਾ ਸਿੰਘ ਦਾ ਕੱਟਿਆ ਹੋਇਆ ਸਿਰ ਵੀ ਬਰਾਮਦ ਕਰ ਲਿਆ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

