ਲੇਬਨਾਨ : ਰਾਜਧਾਨੀ ਬੇਰੂਤ ‘ਚ ਭਿਆਨਕ ਵਿਸਫੋਟ, 73 ਮੌਤਾਂ 3700 ਜ਼ਖਮੀ

TeamGlobalPunjab
2 Min Read

ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਨੂੰ ਇਕ ਭਿਆਨਕ ਧਮਾਕੇ ‘ਚ 73 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੋ ਵਿਸ਼ਾਲ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 73 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ। ਬੇਰੂਤ ਸਥਿਤ ਭਾਰਤੀ ਦੂਤਘਰ ਨੇ ਜਾਣਕਾਰੀ ਦਿੱਤੀ ਹੈ ਕਿ ਦੂਤਘਰ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ।

ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਅਨੁਸਾਰ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ ‘ਤੇ ਅੱਗ ਕਾਰਨ ਹੋਇਆ ਸੀ, ਅਤੇ ਇਹ ਹਮਲਾ ਨਹੀਂ ਸੀ। ਉਥੇ ਹੀ ਸਮਾਚਾਰ ਏਜੰਸੀ ਰਾਇਟਸ ਮੁਤਾਬਕ, ਲੇਬਨਾਨ ਦੇ ਆਂਤਰਿਕ ਸੁਰੱਖਿਆ ਪ੍ਰਮੁੱਖ ਨੇ ਜਾਣਕਾਰੀ ਦਿੱਤੀ  ਹੈ ਕਿ ਬੇਰੂਤ ‘ਚ ਪੋਰਟ (ਬੰਦਰਗਾਹ) ਇਲਾਕੇ ‘ਚ ਧਮਾਕਾ ਹੋਇਆ ਹੈ।

ਇਸ ਵਿਸਫੋਟਕ ਧਮਾਕੇ ‘ਚ ਹਾਲੇ ਤੱਕ 73 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ 3700 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਇਸ ਧਮਾਕੇ ਤੋਂ ਬਾਅਦ ਬੇਰੂਤ ਸਥਿਤ ਭਾਰਤੀ ਦੂਤਘਰ ਨੇ ਕਿਹਾ ਹੈ ਕਿ, ਸੈਂਟਰਲ ਬੇਰੂਤ ‘ਚ ਅੱਜ ਸ਼ਾਮ ਨੂੰ ਦੋ ਵੱਡੇ ਧਮਾਕੇ ਹੋਏ। ਸਾਰਿਆਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਭਾਰਤੀ ਭਾਈਚਾਰੇ ਦੇ ਮੈਂਬਰ ਨੂੰ ਕਿਸੇ ਵੀ ਮਦਦ ਦੀ ਲੋੜ ਹੋਵੇ ਤਾਂ ਸਾਡੇ ਇਸ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।

Share This Article
Leave a Comment