ਨਿਊਜ਼ ਡੈਸਕ :- ਕੋਰੋਨਾ ਵਾਇਰਸ ਕਰਕੇ ਆਕਸੀਜਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹੁਣ ਅਸੀਂ ਆਕਸੀਜਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਅਸੀਂ ਉਚੀਆਂ ਬਿਲਡਿਗਾਂ ਦੇ ਚੱਕਰ ‘ਚ ਦਰੱਖਤਾਂ ਨੂੰ ਕੱਟ ਦਿੱਤਾ ਹੈ, ਜੋ ਆਕਸੀਜਨ ਦੇਣ ‘ਚ ਸਹਾਈ ਹੁੰਦੇ ਹਨ।
ਦੱਸ ਦਈਏ ਕਾਨਪੁਰ ਸਥਿਤ ਹਾਰਕੋਰਟ ਬਟਲਰ ਟੈਕਨੀਕਲ ਯੂਨੀਵਰਸਿਟੀ ‘ਚ ਪ੍ਰੋਫੈਸਰ ਡਾ. ਦੀਕਸ਼ਤ ਨੇ ਕਿਹਾ ਅੱਜ ਜੇਕਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਹੁੰਦੇ ਤਾਂ ਸ਼ਾਇਦ ਆਕਸੀਜਨ ਦੀ ਘਾਟ ਨਾ ਹੁੰਦੀ। ਡਾ. ਦੀਕਸ਼ਤ ਨੇ ਉਨ੍ਹਾਂ ਦਰੱਖਤਾਂ ਸਬੰਧੀ ਦੱਸਿਆ ਹੈ ਜਿਹੜੇ ਸਭ ਤੋਂ ਜ਼ਿਆਦਾ ਆਕਸੀਜਨ ਜਨਰੇਟ ਕਰਦੇ ਹਨ।
ਪਿੱਪਲ : ਪਿੱਪਲ ਦਾ ਦਰੱਖ਼ਤ 60 ਤੋਂ 80 ਫੁੱਟ ਤਕ ਲੰਬਾ ਹੋ ਸਕਦਾ ਹੈ। ਇਹ ਸਭ ਤੋਂ ਵੱਧ ਆਕਸੀਜਨ ਦਿੰਦਾ ਹੈ। ਇਸ ਲਈ ਵਾਤਾਵਰਨ ਮਾਹਿਰ ਪਿੱਪਲ ਲਾਉਣ ਲਈ ਵਾਰ-ਵਾਰ ਕਹਿੰਦੇ ਹਨ।
ਬੋਹੜ : ਇਸ ਦਰੱਖਤ ਨੂੰ ਭਾਰਤ ਦਾ ਕੌਮੀ ਦਰੱਖ਼ਤ ਵੀ ਕਹਿੰਦੇ ਹਨ। ਇਸ ਨੂੰ ਹਿੰਦੂ ਧਰਮ ‘ਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਬੋਹੜ ਕਾਫੀ ਲੰਬਾ ਹੋ ਸਕਦਾ ਹੈ ਇਹ ਕਿੰਨੀ ਆਕਸੀਜਨ ਜਨਰੇਟ ਕਰਦਾ ਹੈ, ਇਹ ਉਸ ਦੀ ਛਾਇਆ ‘ਤੇ ਨਿਰਭਰ ਕਰਦਾ ਹੈ।
ਅਸ਼ੋਕ : ਇਹ ਦਰੱਖਤ ਨਾ ਸਿਰਫ਼ ਆਕਸੀਜਨ ਜਨਰੇਟ ਕਰਦਾ ਹੈ ਸਗੋਂ ਇਸ ਦੇ ਫੁੱਲ ਵਾਤਾਵਰਨ ਨੂੰ ਸੁਗੰਧਮਈ ਰੱਖਦੇ ਹਨ ਤੇ ਉਸ ਦੀ ਖ਼ੂਬਸੂਰਤੀ ਵਧਾਉਂਦੇ ਹਨ। ਇਹ ਇਕ ਛੋਟਾ ਜਿਹਾ ਦਰੱਖ਼ਤ ਹੁੰ ਹੈ ਜਿਸ ਦੀ ਜੜ੍ਹ ਇਕਦਮ ਸਿੱਧੀ ਹੁੰਦੀ ਹੈ। ਮਾਹਿਰਾਂ ਅਨੁਸਾਰ ਇਹ ਦਰੱਖ਼ਤ ਲਗਾਉਣ ਨਾਲ ਨਾ ਸਿਰਫ਼ ਵਾਤਾਵਰਨ ਸ਼ੁੱਧ ਰਹਿੰਦਾ ਹੈ ਸਗੋਂ ਉਸ ਦੀ ਸ਼ੋਭਾ ਵੀ ਵਧਦੀ ਹੈ। ਘਰ ‘ਚ ਅਸ਼ੋਕ ਦਾ ਦਰੱਖ਼ਤ ਹਰ ਬਿਮਾਰੀ ਨੂੰ ਦੂਰ ਰੱਖਦਾ ਹੈ। ਇਹ ਜ਼ਹਿਰੀਲੀਆਂ ਗੈਸਾਂ ਤੋਂ ਇਲਾਵਾ ਹਵਾ ਦੇ ਦੂਸਰੇ ਦੂਸ਼ਿਤ ਕਣ ਵੀ ਸੋਖ ਲੈਂਦਾ ਹੈ।
ਜਾਮਨ : ਪੁਰਾਤਣ ਕਥਾਵਾਂ ‘ਚ ਭਾਰਤ ਨੂੰ ਜੰਬੂਦੀਪ ਯਾਨੀ ਜਾਮਨ ਦੀ ਧਰਤੀ ਵੀ ਕਿਹਾ ਗਿਆ ਹੈ। ਜਾਮਨ ਦਾ ਦਰੱਖ਼ਤ 50 ਤੋਂ 100 ਫੁੱਟ ਤਕ ਲੰਬਾ ਹੋ ਸਕਦਾ ਹੈ। ਇਸ ਦੇ ਫਲ ਤੋਂ ਇਲਾਵਾ ਇਹ ਸਲਫਰ ਆਕਸਾਈਡ ਤੇ ਨਾਈਟ੍ਰੋਜਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਹਵਾ ਤੋਂ ਸੋਖ ਲੈਂਦਾ ਹੈ। ਇਸ ਤੋਂ ਇਲਾਵਾ ਕਈ ਦੂਸ਼ਿਤ ਕਣਾਂ ਨੂੰ ਵੀ ਜਾਮਨ ਗ੍ਰਹਿਣ ਕਰਦਾ ਹੈ।
ਅਰਜੁਨ : ਇਸ ਦਰੱਖ਼ਤ ਬਾਰੇ ਕਹਿੰਦੇ ਹਨ ਕਿ ਇਹ ਹਮੇਸ਼ਾ ਹਰਿਆ-ਭਰਿਆ ਰਹਿੰਦਾ ਹੈ। ਹਵਾ ‘ਚੋਂ ਕਾਰਬਨ-ਡਾਇਆਕਸਾਈਡ ਤੇ ਦੂਸ਼ਿਤ ਗੈਸਾਂ ਨੂੰ ਸੋਖ ਕੇ ਇਹ ਉਨ੍ਹਾਂ ਨੂੰ ਆਕਸੀਜਨ ‘ਚ ਬਦਲ ਦਿੰਦਾ ਹੈ।
ਨਿੰਮ : ਇਕ ਹੋਰ ਦਰੱਖ਼ਤ ਜਿਸ ਦੇ ਬਹੁਤ ਸਾਰੇ ਫਾਇਦੇ ਹਨ, ਉਹ ਹੈ ਨਿੰਮ ਦਾ ਦਰੱਖਤ। ਵਾਤਾਵਰਨ ਮਾਹਿਰਾਂ ਦੀ ਮੰਨੀਏ ਤਾਂ ਇਹ ਇਕ ਨੈਚੁਰਲ ਏਅਰ ਪਿਓਰੀਫਾਇਰ ਹੈ। ਇਹ ਦੂਸ਼ਿਤ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਸਲਫਰ ਤੇ ਨਾਈਟ੍ਰੋਜਨ ਨੂੰ ਹਵਾ ਚੋਂ ਸੋਖ ਕੇ ਆਕਸੀਜਨ ਛੱਡਦਾ ਹੈ। ਇਸ ਦੇ ਪੱਤਿਆਂ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਇਹ ਵੱਡੀ ਮਾਤਰਾ ‘ਚ ਆਕਸੀਜਨ ਉਤਪਾਦਿਤ ਕਰ ਸਕਦਾ ਹੈ। ਅਜਿਹੇ ‘ਚ ਹਮੇਸ਼ਾ ਵੱਧ ਤੋਂ ਵੱਧ ਨਿੰਮ ਦੇ ਦਰੱਖ਼ਤ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਆਸਪਾਸ ਦੀ ਹਵਾ ਹਮੇਸ਼ਾ ਸ਼ੁੱਧ ਰਹਿੰਦੀ ਹੈ।