ਨਵੀਂ ਦਿੱਲੀ : ਦਿੱਲੀ ਦੇ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਐਤਵਾਰ ਤੜਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੀਰਜ ਉਰਫ਼ ਕਾਤੀਆ (30) ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਆਲੋਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਗੌੜਾ ਮੁਲਜ਼ਮ ਨੀਰਜ ਸ਼ਨੀਵਾਰ ਅਤੇ ਐਤਵਾਰ ਦੁਪਹਿਰ 2 ਤੋਂ 3 ਵਜੇ ਦਰਮਿਆਨ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਆਵੇਗਾ।
ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਘਟਨਾ ਸਥਾਨ ਦੇ ਨੇੜੇ ਜਾਲ ਵਿਛਾਇਆ ਗਿਆ ਸੀ ਅਤੇ ਆਟੋਰਿਕਸ਼ਾ ‘ਚ ਆਏ ਦੋਸ਼ੀ ਨੂੰ ਜਦੋਂ ਉਹ ਥ੍ਰੀ-ਵ੍ਹੀਲਰ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਘੇਰ ਲਿਆ ਗਿਆ। ਕੁਮਾਰ ਨੇ ਦੱਸਿਆ ਕਿ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਮੁਲਜ਼ਮ ਨੇ ਆਪਣੀ ਪਿਸਤੌਲ ਕੱਢ ਕੇ ਪੁਲੀਸ ਟੀਮ ਵੱਲ ਦੋ ਰਾਉਂਡ ਫਾਇਰ ਕੀਤੇ। ਲੰਬੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਨੀਰਜ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅਨੁਸਾਰ ਨੀਰਜ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ, ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਡਕੈਤੀ, ਅਗਵਾ, ਹਮਲਾ, ਧਮਕੀਆਂ ਅਤੇ ਚੋਰੀ ਸ਼ਾਮਲ ਹਨ।