ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਨਾਲ ਜੁੜੀ ਇੱਕ ਫਾਇਰਿੰਗ ਦੀ ਘਟਨਾ ਨੇ ਮੁੰਬਈ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਐਤਵਾਰ ਸ਼ਾਮ ਨੂੰ ਮੁੰਬਈ ਦੇ ਵਿਲੇ ਪਾਰਲੇ ਪੱਛਮੀ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾਉਣ ਦੀ ਰਿਪੋਰਟ ਹੈ। ਇਸ ਘਟਨਾ ਵਿੱਚ ਦੋ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚ ਟਾਈਗਰ ਸ਼ਰੌਫ਼ ਦਾ ਡਰਾਈਵਰ ਫਿਰਦੌਸ ਵੀ ਸ਼ਾਮਲ ਹੈ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਟਾਈਗਰ ਸ਼ਰੌਫ਼ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।
ਸ਼ਾਮ 7 ਵਜੇ ਦੇ ਕਰੀਬ ਵਾਪਰੀ ਘਟਨਾ
ਮੁੰਬਈ ਪੁਲਿਸ ਦੇ ਵੈਸਟ ਜ਼ੋਨ-2 ਦੇ ਡੀਸੀਪੀ ਮੋਹਿਤ ਗਰਗ ਨੇ ਫਾਇਰਿੰਗ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ, ਇਹ ਘਟਨਾ ਐਤਵਾਰ ਸ਼ਾਮ ਕਰੀਬ 7 ਵਜੇ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ, ਟਾਈਗਰ ਸ਼ਰੌਫ਼ ਕਿਸੇ ਨਿੱਜੀ ਕੰਮ ਲਈ ਉੱਥੇ ਆਏ ਸਨ। ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਜਾ ਰਹੇ ਸਨ, ਉਸੇ ਸਮੇਂ ਫਾਇਰਿੰਗ ਹੋਈ।
ਪੁਲਿਸ ਅਨੁਸਾਰ, ਜ਼ਖ਼ਮੀ ਡਰਾਈਵਰ ਫਿਰਦੌਸ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ। ਇਸ ਘਟਨਾ ਵਿੱਚ ਇੱਕ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਡੀਸੀਪੀ ਮੋਹਿਤ ਗਰਗ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ। ਫੋਰੈਂਸਿਕ ਟੀਮ ਨੇ ਵੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਨੇੜਲੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿੰਨੇ ਰਾਊਂਡ ਫਾਇਰ ਕੀਤੇ ਗਏ ਸਨ।
ਮਹਾਰਾਸ਼ਟਰ ਸਰਕਾਰ ਨੇ ਸੁਰੱਖਿਆ ਦੀ ਸਮੀਖਿਆ ਦਾ ਦਿੱਤਾ ਭਰੋਸਾ
ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮਹਾਰਾਸ਼ਟਰ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਕਾਂਗਰਸ ਅਤੇ ਸ਼ਰਦ ਪਵਾਰ ਦੀ ਐੱਨਸੀਪੀ ਨੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ। ਏਆਈਐੱਮਆਈਐੱਮ ਆਗੂ ਵਾਰਿਸ ਪਠਾਨ ਨੇ ਵੀ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੀ ਪੂਰੀ ਨਾਕਾਮੀ ਕਰਾਰ ਦਿੱਤਾ ਹੈ।
ਦੂਜੇ ਪਾਸੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਟਾਈਗਰ ਸ਼ਰੌਫ਼ ਅਤੇ ਜੈਕੀ ਸ਼ਰੌਫ਼ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਟਾਈਗਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।
ਏਕਨਾਥ ਸ਼ਿੰਦੇ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਅਤੇ ਸਰਕਾਰ ਸਖ਼ਤ ਕਾਰਵਾਈ ਕਰੇਗੀ।
ਫਿਲਹਾਲ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਫਾਇਰਿੰਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਗੈਂਗਸਟਰ ਵਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ
ਫਾਇਰਿੰਗ ਦੀ ਘਟਨਾ ਵਿੱਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ, ਗੈਂਗ ਨਾਲ ਜੁੜੇ ਦੱਸੇ ਜਾ ਰਹੇ ਗੈਂਗਸਟਰ ਅਨਿਲ ਪੰਡਿਤ ਅਤੇ ਹਰਮਨ ਸੰਧੂ ਨੇ ਕਥਿਤ ਤੌਰ ’ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਇਸ ਦਾਅਵੇ ਦੀ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਪਹਿਲਾਂ ਵੀ ਆ ਚੁੱਕਾ ਹੈ ਅਨਿਲ ਪੰਡਿਤ ਦਾ ਨਾਮ
ਰਿਪੋਰਟਾਂ ਮੁਤਾਬਕ, ਅਨਿਲ ਪੰਡਿਤ ਦਾ ਨਾਂ ਇਸ ਤੋਂ ਪਹਿਲਾਂ ਵੀ ਗੋਲੀਬਾਰੀ ਅਤੇ ਹਮਲਿਆਂ ਨਾਲ ਜੁੜੇ ਕੁਝ ਦਾਅਵਿਆਂ ਵਿੱਚ ਸਾਹਮਣੇ ਆ ਚੁੱਕਾ ਹੈ। ਦਿੱਲੀ ਵਿੱਚ ਗਾਇਕ ਗੁਰੂ ਰੰਧਾਵਾ ਨਾਲ ਜੁੜੇ ਜਿਮ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੀ ਕਥਿਤ ਤੌਰ ’ਤੇ ਉਸ ਦਾ ਨਾਂ ਲਿਆ ਗਿਆ ਸੀ।
ਮੁੰਬਈ ਵਿੱਚ ਟਾਈਗਰ ਸ਼ਰੌਫ਼ ਦੀ ਕਾਰ ’ਤੇ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ, ਘਟਨਾ ਦੇ ਕਾਰਨਾਂ ਅਤੇ ਕਥਿਤ ਜ਼ਿੰਮੇਵਾਰੀ ਲੈਣ ਵਾਲੇ ਦਾਅਵੇ ਦੀ ਸੱਚਾਈ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।

