ਮੁੱਖ ਮੰਤਰੀ ਚੰਨੀ ਦੀ ਕੋਠੀ ਦੇ ਬਾਹਰ ਪ੍ਰਦਰਸ਼ਨਕਾਰੀਆਂ ‘ਤੇ ਚੱਲੀ ਪੁਲਿਸ ਦੀ ਲਾਠੀ, ਕਈਂ ਮੁਲਾਜ਼ਮ ਤੇ ਪ੍ਰਦਰਸ਼ਨਕਾਰੀ ਫੱਟੜ

TeamGlobalPunjab
3 Min Read

ਮੋਰਿੰਡਾ : ਮੁੱਖ ਮੰਤਰੀ ਦੀ ਮੋਰਿੰਡਾ ਵਿਖੇ ਰਿਹਾਇਸ਼ ਦੇ ਬਾਹਰ ਜ਼ਮੀਨੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਵਿਚਕਾਰ ਝੜੱਪ ਹੋ ਗਈ ਤੇ ਇਸ ਦੋਰਾਨ ਪਥਰਾਉ ਤੇ ਲਾਠੀ-ਚਾਰਜ ਵੀ ਹੋਇਆ, ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਸਮੇਤ ਕੁੱਝ ਲੋਕਾਂ ਦੇ ਸੱਟਾਂ ਵੱਜਣ ਦੀ ਖ਼ਬਰ ਹੈ।

    ਫਿਲਹਾਲ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ।

‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਨੇ ਅੱਜ ਮੋਰਿੰਡਾ ਵਿਖੇ ਪੁਲਿਸ ਨੂੰ ਉਸ ਵੇਲੇ ਇੱਟਾਂ ਰੋੜਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਜਦੋਂ ਪੁਲਿਸ ਮੁੱਖ ਮੰਤਰੀ ਚੰਨੀ ਦੀ ਕੋਠੀ ਵੱਲ ਜਾਣ ਤੋਂ ਉਨ੍ਹਾਂ ਨੂੰ ਰੋਕ ਰਹੀ ਸੀ।

- Advertisement -

ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਤੇ ਕੀਤੇ ਲਾਠੀਚਾਰਜ ਬਾਰੇ ਕਿਹਾ ਕਿ ਪੁਲਿਸ ਨੇ ਬਹੁਤ ਲੰਮਾ ਸਮਾਂ ਸਬਰ ਨਾਲ ਕੰਮ ਲਿਆ ਅਤੇ ਐੱਸਡੀਐੱਮ, ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਲੈ ਕੇ ਦੇ ਰਹੇ ਸਨ ਪਰ ਫਿਰ ਵੀ ਪੁਲਿਸ ‘ਤੇ ਪਥਰਾਓ ਕੀਤਾ ਗਿਆ ਜਿਸ ਕਾਰਨ ਪੁਲਿਸ ਨੂੰ ਮਜਬੂਰਨ ਕਾਰਵਾਈ ਕਰਨੀ ਪਈ ।

ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਲਈ ਕੋਠੀ ਵੱਲ ਮਾਰਚ ਕਰਦਿਆਂ ‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਹਿੱਸੇ ਦੀਆਂ ਜ਼ਮੀਨਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਨਿੱਤ ਦਿਹਾੜੀ ਆਪਣੇ ਹੱਕ ਮੰਗਦੇ ਦਲਿਤਾਂ ਨੂੰ ਪੇਂਡੂ ਧਨਾਢ ਚੌਧਰੀਆਂ ਦੇ ਜਬਰ ਦਾ ਸ਼ਿਕਾਰ ਹੋ ਰਹੇ ਹਨ, ਇੱਥੋਂ ਤੱਕ ਕਿ ਕਈ ਵਾਰ ਪਿੰਡਾਂ ਵਿੱਚ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਐਸ ਸੀ ਚਿਹਰੇ ਦੇ ਤੌਰ ‘ਤੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਅੰਦਰ ਇੱਕ ਆਸ ਦੀ ਕਿਰਨ ਬੱਝੀ ਹੈ। ਇਸ ਲਈ ਹਜ਼ਾਰਾਂ ਦਲਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਹਿੱਸਾ ਦਲਿਤਾਂ ਲਈ ਪੱਕੇ ਤੌਰ ਤੇ ਲੈਣ, ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾ ਸ਼ਰਤ ਮਾਲਕੀ ਹੱਕ ਲੈਣ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਾਉਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਦਿਵਾਉਣ, ਮਾਈਕ੍ਰੋਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਕੇ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਸਰਕਾਰੀ ਕਰਜ਼ੇ ਦਾ ਪ੍ਰਬੰਧ ਕਰਾਉਣ, ਸੰਘਰਸ਼ ਦਰਮਿਆਨ ਦਰਜ ਹੋਏ ਸਾਰੇ ਝੂਠੇ ਪਰਚੇ ਰੱਦ ਕਰਵਾਉਣ ਅਤੇ ਪਿੰਡ ਦੁੱਲੜ ਸਮੇਤ ਦਲਿਤਾਂ ਉੱਪਰ ਹੋ ਰਹੇ ਜਬਰ ਨੂੰ ਨੱਥ ਪਾਉਣ ਅਤੇ ਲਟਕਦੇ ਜਮੀਨੀ ਮਸਲੇ ਹੱਲ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਕੋਲ ਇਕੱਠੇ ਹੋਏ ਸਨ।

ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਰੈਲੀ ਕੀਤੀ ਅਤੇ ਉਸ ਤੋਂ ਬਾਅਦ ਮੁਲਾਕਾਤ ਲਈ ਕੋਠੀ ਵੱਲ ਮਾਰਚ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਦੀ ਕੋਠੀ ਤੋਂ ਪਹਿਲਾਂ ਹੀ ਭਾਰੀ ਪੁਲੀਸ ਫੋਰਸ ਵੱਲੋਂ ਬੈਰੀਕੇਡ ਲਾ ਕੇ ਇੰਨਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ, ਜਿੱਥੇ ਕਮੇਟੀ ਵੱਲੋਂ ਉਸੇ ਥਾਂ ਉੱਪਰ ਸੜਕ ਨੂੰ ਜਾਮ ਕਰ ਦਿੱਤਾ ਗਿਆ।

- Advertisement -
Share this Article
Leave a comment