ਭਾਰਤੀ ਫਿਲਮ ਦੇ ਸੰਗੀਤ ‘ਚ ਸੱਤ ਦਹਾਕਿਆਂ ਤੋਂ ਸੰਗੀਤ ਦੀ ਦੁਨੀਆ ‘ਚ ਯੋਗਦਾਨ ਪਾਉਣ ਵਾਲੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਮੋਦੀ ਸਰਕਾਰ ਇੱਕ ਨਵੇਂ ਖ਼ਿਤਾਬ ਨਾਲ ਸਨਮਾਨਤ ਕਰਨ ਵਾਲੀ ਹੈ। ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ‘ਡਾਟਰ ਆਫ਼ ਦਿ ਨੇਸ਼ਨ’ ਦਾ ਖ਼ਿਤਾਬ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਸ ਖ਼ਾਸ ਮੌਕੇ ਲਈ ਗੀਤਕਾਰ ਅਤੇ ਕਵੀ ਪ੍ਰਸੂਨ ਜੋਸ਼ੀ ਨੇ ਸਪੈਸ਼ਲ ਗੀਤ ਵੀ ਲਿਖਿਆ ਹੈ। ਉਨ੍ਹਾਂ ਦਾ ਸਨਮਾਨ ਕਰਨਾ ਦੇਸ਼ ਦੀ ਧੀ ਦਾ ਸਨਮਾਨ ਕਰਨਾ ਹੈ, ਇਸ ਲਈ ਮੋਦੀ ਸਰਕਾਰ ਲਤਾ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ, 28 ਸਤੰਬਰ ਨੂੰ ‘ਡਾਟਰ ਆਫ਼ ਦਿ ਨੇਸ਼ਨ’ ਨਾਲ ਸਨਮਾਨਿਤ ਕਰੇਗੀ।
ਦੱਸਣਯੋਗ ਹੈ ਕਿ ਲਤਾ ਦਾ ਜਨਮ 28 ਸਤੰਬਰ 1929 ਨੂੰ ਇੱਕ ਮੱਧ-ਸ਼੍ਰੇਣੀ ਦੇ ਮਰਾਠਾ ਪਰਿਵਾਰ ਵਿੱਚ ਹੋਇਆ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਜਨਮੇ ਲਤਾ ਪੰਡਤ ਦੀਨਾਨਾਥ ਮੰਗੇਸ਼ਕਰ ਦੀ ਵੱਡੀ ਬੇਟੀ ਹੈ।
ਲਤਾ ਦਾ ਪਹਿਲਾ ਨਾਮ ‘ਹੇਮਾ’ ਸੀ, ਪਰ ਉਸ ਦੇ ਜਨਮ ਤੋਂ ਪੰਜ ਸਾਲ ਬਾਅਦ ਉਸਦੇ ਮਾਤਾ-ਪਿਤਾ ਨੇ ਉਸ ਦਾ ਨਾਮ ‘ਲਤਾ’ ਰੱਖਿਆ। ਆਪਣੇ ਸਾਰੇ ਭੈਣਾਂ-ਭਰਾਵਾਂ ‘ਚੋਂ ਲਤਾ ਸਭ ਤੋਂ ਵੱਡੀ ਹੈ। ਮੀਨਾ, ਆਸ਼ਾ, ਊਸ਼ਾ ਅਤੇ ਦਿਲਨਾਥ ਉਸ ਤੋਂ ਛੋਟੇ ਹਨ ਤੇ ਉਸ ਦੇ ਪਿਤਾ ਥੀਏਟਰ ਕਲਾਕਾਰ ਅਤੇ ਗਾਇਕ ਸਨ।
ਤੁਹਾਨੂੰ ਦੱਸ ਦਈਏ ਕਿ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਿੰਦੁਸਤਾਨ ਦੀ ਅਵਾਜ਼ ਬਣ ਰਹੀ ਲਤਾ ਮੰਗੇਸ਼ਕਰ ਨੇ ਆਪਣੀ ਆਵਾਜ਼ ਦਾ ਜਾਦੂ ਹਜ਼ਾਰਾਂ ਫ਼ਿਲਮਾਂ ਅਤੇ ਗ਼ੈਰ ਫ਼ਿਲਮੀ ਗੀਤਾਂ ‘ਚ 30 ਤੋਂ ਵੱਧ ਭਾਸ਼ਾਵਾਂ ‘ਚ ਫੈਲਾਇਆ ਸੀ। ਲਤਾ ਨੇ ਪਹਿਲੀ ਵਾਰ 1942 ਵਿੱਚ ਮਰਾਠੀ ਫ਼ਿਲਮ ‘ਕਿਤੀ ਹਸਾਲ’ ਲਈ ਗਾਇਆ ਸੀ।