ਚੰਡੀਗੜ੍ਹ/ਅਯੁੱਧਿਆ: ਰਾਮ ਮੰਦਰ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਹੰਗ ਬਾਬਾ ਫਤਹਿ ਸਿੰਘ ਦੀ ਅੱਠਵੀਂ ਪੀੜ੍ਹੀ ਦੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਯੁੱਧਿਆ ਦੀ ਚਾਰਧਾਮ ਮਨੀ ਰਾਮ ਦਾਸ ਦੀ ਛਾਉਣੀ ਵਿੱਚ ਲੰਗਰ ਸੇਵਾ ਦੀ ਸ਼ੁਰੂਆਤ ਕਰ ਦਿਤੀ। ਲੰਗਰ ਦੇ ਉਦਘਾਟਨ ਮੌਕੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾ ਮੀਨਾਕਸ਼ੀ ਲੇਖੀ ਸਮੇਤ ਉੱਘੇ ਮਹੰਤਾਂ ਸਮੇਤ ਮਨੀ ਰਾਮ ਦਾਸ ਦੀ ਛਾਉਣੀ, ਰਾਮ ਜਨਮ ਭੂਮੀ ਟਰੱਸਟ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਮਹੰਤ ਮਹੰਤ ਨ੍ਰਿਤਿਆ ਗੋਪਾਲ ਦਾਸ ਅਤੇ ਉਨ੍ਹਾਂ ਦੇ ਵਾਰਿਸ ਮਹੰਤ ਸ. ਕਮਲਨਾਇਣ ਦਾਸ ਮਹਾਰਾਜ, ਸ਼੍ਰੀ ਦੁਧੇਸ਼ਵਰ ਪੀਠਾਧੀਸ਼ਵਰ, ਸ਼੍ਰੀ ਪੰਚ ਦਸ਼ਨਮ ਜੂਨਾ ਅਖਾੜਾ ਦੇ ਅੰਤਰਰਾਸ਼ਟਰੀ ਬੁਲਾਰੇ, ਦਿੱਲੀ ਸੰਤ ਮਹਾਮੰਡਲ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਸੰਯੁਕਤ ਮੋਰਚੇ ਦੇ ਪ੍ਰਧਾਨ ਸ਼੍ਰੀ ਮਹੰਤ ਨਰਾਇਣ ਗਿਰੀ ਮਹਾਰਾਜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।
ਇਸ ਮੌਕੇ ਭਾਜਪਾ ਦੀ ਕੌਮੀ ਬੁਲਾਰਾ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਿੱਖਾਂ ਨੇ ਦੁਨੀਆਂ ਭਰ ਦੇ ਸਾਰੇ ਵੱਡੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਪੂਰਵਜ ਨਿਹੰਗ ਬਾਬਾ ਫਕੀਰ ਸਿੰਘ ਨੇ 1885 ਵਿਚ ਬਾਬਰੀ ਢਾਂਚੇ ‘ਤੇ ਕਬਜ਼ਾ ਕਰਕੇ ਹਵਨ ਕਰਵਾਇਆ ਸੀ ਅਤੇ ਅੱਜ ਉਨ੍ਹਾਂ ਦੇ ਵੰਸ਼ਜ ਅਯੁੱਧਿਆ ਵਿਚ ਹੋ ਰਹੇ ਰਾਮ ਮੰਦਿਰ ਦੇ ਉਦਘਾਟਨ ਮੌਕੇ ‘ਤੇ ਦੁਨੀਆ ਭਰ ਤੋਂ ਆਈਆਂ ਸੰਗਤਾਂ ਨੂੰ ਲੰਗਰ ਵਰਤਾ ਕੇ ਇਸ ਵਿਸ਼ਾਲ ਸਮਾਗਮ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਾਂ ਦਾ ਲੰਗਰ ਵਰਤਾਉਣ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਸੇਵਾ ਸ਼ੁਰੂ ਕੀਤੀ ਸੀ ਅਤੇ ਅੱਜ ਦੁਨੀਆ ਭਰ ਦੇ ਸਿੱਖ ਲੰਗਰ ਸੇਵਾ ਦੀ ਪ੍ਰੰਪਰਾ ਨੂੰ ਜਾਰੀ ਰੱਖ ਰਹੇ ਹਨ।
ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਮਕਰ ਸੰਕ੍ਰਾਂਤੀ ਮੌਕੇ ਲੰਗਰ-ਭੰਡਾਰਾ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਲਗਾਤਾਰ ਦੋ ਮਹੀਨੇ ਚੱਲੇਗਾ।