ਲਖੀਮਪੁਰ ਹਿੰਸਾ ‘ਨਿੰਦਣਯੋਗ’ ਤੇ ਮੇਰੇ ਕੈਬਨਿਟ ਸਾਥੀ ਦਾ ਪੁੱਤਰ ਮੁਸ਼ਕਲ ’ਚ ਹੈ : ਸੀਤਾਰਮਨ

TeamGlobalPunjab
2 Min Read

ਨਵੀਂ ਦਿੱਲੀ/ਬੋਸਟਨ : ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਗਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਨੂੰ ਨਿੰਦਣਯੋਗ ਕਰਾਰਦਿਆਂ ਕਿਹਾ ਕਿ ਭਾਰਤ ਦੇ ਕਈ ਹਿੱਸਿਆਂ ‘ਚ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਉਸੇ ਸਮੇਂ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਉਹ ਵਾਪਰਨ ਨਾਂ ਕਿ ਉਨ੍ਹਾਂ ਨੂੰ ਉਦੋਂ ਚੁੱਕਿਆ ਜਾਵੇ, ਜਦੋਂ ਕਿਸੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਕੁਝ ਲੋਕਾਂ ਲਈ ਉਨ੍ਹਾਂ ਨੂੰ ਚੁੱਕਣਾ ਠੀਕ ਲੱਗਦਾ ਹੈ। ਵਿੱਤ ਮੰਤਰੀ ਨੂੰ ਹਾਰਵਰਡ ਕੈਨੇਡੀ ਸਕੂਲ ਵਿੱਚ ਗੱਲਬਾਤ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸੀਨੀਅਰ ਮੰਤਰੀਆਂ ਨੇ ਇਸ ਘਟਨਾ ਬਾਰੇ ਕੁੱਝ ਕਿਉਂ ਨਹੀਂ ਕਿਹਾ ਅਤੇ ਜਦੋਂ ਵੀ ਕੋਈ ਅਜਿਹੀਆਂ ਗੱਲਾਂ ਬਾਰੇ ਪੁੱਛਦਾ ਹੈ ਤਾਂ ਹਮੇਸ਼ਾਂ ਬਚਾਅ ਕਰਨ ਵਾਲੇ ਜਵਾਬ ਕਿਉਂ ਦਿੱਤੇ ਜਾਂਦੇ ਹਨ?

ਇਸ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ। ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਅਜਿਹੀ ਘਟਨਾ ਖਿਲਾਫ ਮੁੱਦਾ ਚੁੱਕਿਆ, ਜੋ ਕਿ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿਤੇ ਹੋਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਮੇਰੀ ਚਿੰਤਾ ਦਾ ਕਾਰਨ ਹਨ।’

ਉਨ੍ਹਾਂ ਕਿਹਾ ਭਾਰਤ ਵਿੱਚ ਅਜਿਹੇ ਮਾਮਲੇ ਦੇਸ਼ ਦੇ ਕਈ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਹਨ। ਮੈਂ ਚਾਹੁੰਦੀ ਹਾਂ ਕਿ ਤੁਸੀਂ ਹੋਰ ਅਜਿਹੀਆਂ ਘਟਨਾਵਾਂ ਨੂੰ ਚੁੱਕੋ ਅਤੇ ਉਨ੍ਹਾਂ ਘਟਨਾਵਾਂ ਨੂੰ ਸਿਰਫ਼ ਉਦੋਂ ਹੀ ਚੁੱਕਿਆ ਜਾਂਦਾ ਹੈ ਜਦੋਂ ਕੁੱਝ ਲੋਕਾਂ ਨੂੰ ਮੁੱਦਾ ਆਪਣੇ ਅਨੁਕੂਲ ਲੱਗਦਾ ਹੈ। ਲਖੀਮਪੁਰ ਘਟਨਾ ਅਜਿਹੇ ਰਾਜ ਵਿੱਚ ਹੋਈ ਜਿਥੇ ਭਾਜਪਾ ਸੱਤਾ ਵਿੱਚ ਹੈ, ਜਿਸ ‘ਚ ਮੇਰੇ ਕੈਬਨਿਟ ਸਾਥੀ ਦਾ ਪੁੱਤਰ ਸ਼ਾਇਦ ਮੁਸ਼ਕਲ ਵਿੱਚ ਹੈ।

- Advertisement -

Share this Article
Leave a comment