ਲਖਨਊ : ਲਖੀਮਪੁਰ ਖੀਰੀ ਵਿਖੇ ਹਿੰਸਾ ’ਚ ਕਿਸਾਨਾਂ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਸਰਕਾਰ ਨੇ ਐਤਵਾਰ ਨੂੰ ਲਖੀਮਪੁਰ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਮਾਰੇ ਗਏ ਚਾਰ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੂੰ 45-45 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਥਾਨਕ ਪੱਧਰ ’ਤੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਜਦੋਂਕਿ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ 10-10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਕਿਸਾਨਾਂ ਦੀ ਮੰਗ ’ਤੇ ਮਾਮਲੇ ਦੀ ਨਿਆਇਕ ਜਾਂਚ ਹਾਈ ਕੋਰਟ ਦੇ ਛੁੱਟੀ ਪ੍ਰਾਪਤ ਜੱਜ ਤੋਂ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ‘ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਿਕੋਨੀਆ-ਬਨਬੀਰਪੁਰ ਸੜਕ ‘ਤੇ ਵਾਪਰੀ।