ਲਖੀਮਪੁਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਵਲੋਂ ਕਿਸਾਨਾਂ ‘ਤੇ ਕਾਰ ਚੜ੍ਹਾ ਦੇਣ ਦੀ ਮੰਦਭਾਗੀ ਖ਼ਬਰ ਹੈ। ਇਸ ਘਟਨਾ ਵਿੱਚ 2 ਕਿਸਾਨਾਂ ਦੀ ਮੌਤ ਹੋ ਗਈ ਹੈ, ਅੱਠ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਮੰਤਰੀ ਦੇ ਬੇਟੇ ਦੀ ਕਾਰ ਸਮੇਤ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ।
ਮੰਤਰੀ ਦੇ ਬੇਟੇ ਅਭਿਸ਼ੇਕ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਮਹਿਲਾ ਕਾਂਸਟੇਬਲ ਸਮੇਤ ਦੋ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਇੱਥੇ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਯੋਗੀ ਨੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੂੰ ਲਖੀਮਪੁਰ ਭੇਜਿਆ ਹੈ। ਆਈਜੀ ਲਕਸ਼ਮੀ ਸਿੰਘ ਵੀ ਲਖਨਊ ਤੋਂ ਲਖੀਮਪੁਰ ਲਈ ਰਵਾਨਾ ਹੋ ਗਏ ਹਨ। ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਗਾਜ਼ੀਪੁਰ ਸਰਹੱਦ ਤੋਂ ਲਖੀਮਪੁਰ ਖੇੜੀ ਲਈ ਰਵਾਨਾ ਹੋਏ ਹਨ।