ਹਿੰਦੀ ਫ਼ਿਲਮਾਂ ਦੇ ਮਕਬੂਲ ਗਾਇਕ ਕੁੰਦਨ ਲਾਲ ਸਹਿਗਲ

TeamGlobalPunjab
3 Min Read

ਕੁੰਦਨ ਲਾਲ ਸਹਿਗਲ ਖੱਬੇ ਪੱਖੀ ਕਲਾਕਾਰਾਂ ਵਿੱਚ ਬਹੁਤ ਮਕਬੂਲ ਰਹੇ। ਕਮਿਉਨਿਸਟਾਂ ਤੋਂ ਉਹ ਬਹੁਤ ਪ੍ਰਭਾਵਤ ਸਨ ਤੇ ਉਹਨਾਂ ਦੀ ਆਰਥਿਕ ਮਦਦ ਵੀ ਕਰਦੇ ਰਹਿੰਦੇ ਸਨ। 11 ਅਪ੍ਰੈਲ 1904 ਨੂੰ ਉਹਨਾਂ ਦਾ ਜਨਮ ਜੰਮੂ ਵਿੱਚ ਹੋਇਆ ਤੇ ਉਥੇ ਹੀ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਉਹਨਾਂ ਦਾ ਪਿਛੋਕੜ ਜਲੰਧਰ ਸੀ, ਇਥੇ ਆ ਕੇ ਬਿਜਲੀ ਬੋਰਡ ਵਿੱਚ ਨੌਕਰੀ ਲੱਗੇ ਤੇ ਫਿਰ ਮਿਲਟਰੀ ਵਿੱਚ ਨੌਕਰੀ ਕਰਨ ਲੱਗ ਪਏ। ਉਥੇ ਉਹਨਾਂ ਨੇ ਕਲੱਬਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।

ਉਥੋਂ ਨੌਕਰੀ ਛੱਡ ਕੇ ਰੇਲਵੇ ਵਿੱਚ ਤੇ ਫਿਰ ਟਾਈਪ ਰਾਇਟਰ ਕੰਪਨੀ ਰਮਿੰਗਟਨ ਵਿੱਚ ਸੇਲਜ਼ ਦਾ ਕੰਮ ਕਰਦਿਆਂ ਕਈ ਸ਼ਹਿਰ ਘੁੰਮੇ। ਕਲਕੱਤੇ ਨਿਊ ਥੀਏਟਰ ਦੇ ਲਾਗੇ ਸਾੜ੍ਹੀਆਂ ਵੇਚਣ ਲੱਗ ਪਏ। ਉਥੇ ਉਸਨੂੰ ਨਿਊ ਥੀਏਟਰ ਨੇ1932 ਵਿੱਚ ‘ਮੁਹੱਬਤ ਕੇ ਆਂਸੂ’ ਫਿਲਮ ਰਾਂਹੀ ਪਰਦੇ ‘ਤੇ ਲਿਆਂਦਾ। ਉਸੇ ਸਾਲ ਦੋ ਹੋਰ ਤੇ ਅਗਲੇ ਸਾਲ ਚਾਰ ਫਿਲਮਾਂ ‘ਚ ਕੰਮ ਕੀਤਾ ਤੇ 1935 ‘ਚ ਫਿਲਮ ‘ਦੇਵਦਾਸ’ ਨੇ ਰਾਤੋ ਰਾਤ ਉਹਨਾਂ ਨੂੰ ਸੁਪਰ ਸਟਾਰ ਬਣਾ ਦਿੱਤਾ। ਉਹਨਾਂ ਹਿੰਦੀ, ਬੰਗਲਾ ‘ਚ 35 ਤੇ ਇਕ ਤਾਮਿਲ ਫਿਲਮ ਵਿਚ ਕੰਮ ਕੀਤਾ।

ਹਿੰਦੀ ਦੇ 109, ਬੰਗਾਲੀ 31 ਤੇ ਤਾਮਿਲ, ਪੰਜਾਬੀ, ਬੰਗਲਾ ਤੇ ਫਾਰਸੀ ਵਿੱਚ ਗੀਤ ਗਜ਼ਲਾਂ ਗਾਈਆਂ। ਉਹਨਾਂ ਗਰੀਬੀ ਦੇ ਦਿਨ ਵੀ ਬਹੁਤ ਦੇਖੇ। ਇਕ ਵਾਰ ਭੁੱਖ ਨਾਲ ਕਾਨਪੁਰ ਵਿੱਚ ਡਿੱਗ ਪਏ ਤਾਂ ਉਥੋਂ ਮਜ਼ਦੂਰਾਂ ਨੇ ਉਸਨੂੰ ਚੁੱਕ ਕੇ ਕੋਠੜੀ ਵਿੱਚ ਲਿਆ ਕੇ ਰੋਟੀ ਖਵਾਈ। ਜਦ ਉਹ ਸਟਾਰ ਬਣੇ ਤਾਂ ਦੁਬਾਰਾ ਕਾਨਪੁਰ ਜਾ ਕੇ ਉਸ ਥਾਂ ਰੋਟੀ ਖਾਧੀ।

ਉਹਨਾਂ ਪਹਿਲੀ ਵਾਰ ਸ਼ਰਾਬ ਉਦੋਂ ਪੀਤੀ ਜਦ ਉਸਨੂੰ ‘ਧੂਪ ਛਾਂ’ ਫਿਲਮ ‘ਚ ਨਾ ਲਿਆ ਗਿਆ। ਇਸ ਤੋਂ ਬਾਅਦ ਵਿਚ ਨਿਤਿਨ ਬੋਸ ਨਿਰਮਾਤਾ ਪਛਤਾਵਾ ਕਰਦਾ ਰਿਹਾ ਕਿਉਕਿ ਸ਼ਰਾਬ ਦੀ ਆਦਤ ਨੇ ਸਹਿਗਲ ਦੀ ਸਿਹਤ ਬਹੁਤ ਕਮਜ਼ੋਰ ਕਰ ਦਿੱਤੀ, ਉਹ ਸ਼ਰਾਬ ਪੀ ਕੇ ਹੀ ਗਾਉਦੇ ਸੀ। ਉਹਨਾਂ ਦੇ ਦੋ ਜਨੂੰਨ ਸਨ ਸੰਗੀਤ ਤੇ ਸ਼ਰਾਬ, ਇਕ ਨੇ ਉਸ ਨੂੰ ਬਣਾਇਆ ਤੇ ਦੂਜੇ ਨੇ ਤਬਾਹ ਕੀਤਾ। ਇਕ ਵਾਰ ਉਹਨਾਂ ਬਿਨਾ ਸ਼ਰਾਬ ਪੀਣ ਤੋਂ ਗੀਤ ਗਾਇਆ ਤਾਂ ਫਿਲਮ ਨਿਰਮਾਤਾ ਨੌਸ਼ਾਦ ਨੇ ਕਿਹਾ ਕਿ ਤੂੰ ਏਨਾ ਵਧੀਆ ਸ਼ਰਾਬ ਤੋਂ ਬਿਨਾ ਗੀਤ ਗਾ ਸਕਦਾ ਸੀ, ਤੇਰੇ ਉਹ ਲੋਕ ਦੁਸ਼ਮਣ ਹਨ ਜਿਹਨਾ ਨੇ ਸ਼ਰਾਬ ਪੀ ਕੇ ਗਾਉਣ ਲਈ ਕਿਹਾ। ਅਖੀਰ ਇਸ ਮਹਾਨ ਕਲਾਕਾਰ ਦਾ 18 ਜਨਵਰੀ 1947 ਨੂੰ ਜਲੰਧਰ ‘ਚ ਦੇਹਾਂਤ ਹੋ ਗਿਆ।

- Advertisement -

-ਅਵਤਾਰ ਸਿੰਘ

Share this Article
Leave a comment