ਫਰੀਦਕੋਟ: ਪਿਛਲੇ ਦਿਨੀਂ ਮਲੇਸ਼ੀਆ ਵਿਖੇ ਐੱਫ.ਆਈ.ਐੱਫ. ਇੰਟਰਨੈਸ਼ਨਲ ਮਿਸਟਰ ਏਸ਼ੀਆ (ਮੋਰਟਲ ਬੋਟਲ) ਅਤੇ ਮੈਂਨਜ਼ ਵਿਜ਼ਕ ਦੇ ਮੁਕਾਬਲੇ ਕਰਵਾਏ ਗਏ, ਜਿਸ ‘ਚ ਭਾਰਤ ਸਮੇਤ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਵਿਅਤਨਾਮ, ਦੁਬਈ, ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਦੇ ਐਥਲੀਟਾਂ ਨੇ ਹਿੱਸਾ ਲਿਆ।
ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡੈਨਿਸ ਟਿਊ, ਇੰਟਰਨੈਸ਼ਨਲ ਐਥਲੀਟ ਡਾਇਰੈਕਟਰ ਮਨਵੀਰ ਮੰਡੇਰ ਅਤੇ ਭਾਰਤ ਦੇ ਪ੍ਰੈਜ਼ੀਡੈਂਟ ਹਰਮਿੰਦਰ ਦੂਲੋਵਾਲ ਵੱਲੋਂ ਕੀਤੀ ਗਈ।
ਇਥੇ ਦੱਸਣਯੋਗ ਹੈ ਕੇ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 12 ਖਿਡਾਰੀਆਂ ਨੇ 19 ਗੋਲਡ ਜਿੱਤ ਕੇ ਭਾਰਤ ਦਾ ਨਾਮ ਰੁਸ਼ਨਾਇਆ ਵੱਖ-ਵੱਖ ਕੈਟਾਗਿਰੀ ‘ਚ ਭਾਰਤ ਦੇ ਐਥਲੀਟਾਂ ਨੇ 5 ਚਾਂਦੀ, 7 ਕਾਂਸੀ ਅਤੇ 7 ਸੋਨੇ ਦੇ ਤਗਮੇ ਜਿੱਤੇ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਦੋ ਐਥਲੀਟਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਇਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆ ਵਾਲੇ ਦਾ ਜੰਮਪਲ ਪੰਜਾਬ ਪੁਲਿਸ ਦੇ ਮੁਲਾਜ਼ਮ ਮਨਦੀਪ ਸਿੰਘ ਨੇ ਐੱਫ. ਆਈ. ਐੱਫ, ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ‘ਚ ਦੋ ਗੋਲਡ ਮੈਡਲ ਹਾਸਲ ਕਰ ਕੇ ਫਰੀਦਕੋਟ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਮਨਦੀਪ ਸਿੰਘ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਪਿਛਲੇ 7 ਸਾਲ ਤੋਂ ਬਤੌਰ ਸੁਰੱਖਿਆ ਮੁਲਾਜ਼ਮ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਜਿਸਦੇ ਚਲਦੇ ਸੰਧਵਾਂ ਵਲੋਂ ਮਨਦੀਪ ਸਿੰਘ ਨੂੰ ਚੰਡੀਗੜ੍ਹ ਬੁਲਾ ਕੇ ਪੰਜਾਬ ਵਿਧਾਨ ਸਭਾ ਚ ਵਿਸ਼ੇਸ਼ ਸਨਮਾਨ ਕੀਤਾ ਅਤੇ ਲੋਕਲ ਰੈਂਕ ਤੋਂ ਤਰੱਕੀ ਦੇਕੇ ਅਸਿਸਟੈਂਟ ਸਬ ਇੰਸਪੈਕਟਰ ਦਾ ਰੈਂਕ ਦਿੱਤਾ।
ਇਸ ਮੌਕੇ ਗੋਲਡ ਮੈਡਲ ਜੇਤੂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਮਿਹਰ ਸਦਕਾ ਇਹ ਸਭ ਹਾਸਲ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਹ ਕਬੱਡੀ ਦਾ ਵਧੀਆ ਖਿਡਾਰੀ ਵੀ ਰਿਹਾ ਅਤੇ ਫੁੱਟਬਾਲ ਟੀਮ ‘ਚ ਵੀ ਸਨਮਾਨ ਹਾਸਲ ਕਰ ਚੁੱਕਿਆ ਹੈ ਪਰ ਜੋ ਮਲੇਸ਼ੀਆ ਇੰਟਰਨੈਸ਼ਨਲ ਬਾਡੀ ਬਿਲਡਰ ਮੁਕਾਬਲਿਆਂ ‘ਚ ਪਹਿਲੀ ਵਾਰ ਹੀ ਭਾਗ ਲੈਣ ‘ਤੇ ਉਸ ਨੂੰ ਮਾਣ ਮਿਲਿਆ ਉਹ ਸਭ ਤੋਂ ਵੱਡੀ ਪ੍ਰਾਪਤੀ ਹੈ।