ਜਗਤਾਰ ਸਿੰਘ ਸਿੱਧੂ;
ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਅਕਾਲੀ ਦਲ ਦੇ ਨੁਮਾਇੰਦੇ ਨਹੀਂ ਹਨ ਸਗੋਂ ਪੰਥ ਦੇ ਸੇਵਾਦਾਰ ਵਜੋਂ ਜਿੰਮੇਵਾਰੀ ਨਿਭਾਉਣਗੇ। ਹਰ ਸਿੱਖ ਅਕਾਲ ਤਖਤ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਜਦੋ ਪੰਥ ਨੂੰ ਉੱਨਾਂ ਦੀਆਂ ਸੇਵਾਵਾਂ ਪ੍ਰਵਾਨ ਨਹੀਂ ਹੋਣਗੀਆਂ ਤਾਂ ਉਹ ਨਵੇਂ ਜਥੇਦਾਰ ਨੂੰ ਸਿਰੋਪਾ ਦੇ ਕੇ ਵਿਦਾਇਗੀ ਲੈ ਲੈਣਗੇ। ਜਥੇਦਾਰ ਗੜਗੱਜ ਨੇ ਪੰਥਕ ਏਕੇ ਦੇ ਸੱਦੇ ਵਿੱਚ ਕਿਹਾ ਹੈ ਕਿ ਪੰਥ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਏਕਾ ਸਮੇਂ ਦੀ ਲੋੜ ਹੈ। ਨਵੇਂ ਜਥੇਦਾਰ ਨੇ ਕਿਸੇ ਜਥੇਬੰਦੀ ਜਾਂ ਪੰਥਕ ਹਸਤੀ ਬਾਰੇ ਕੋਈ ਨਾਂਹ ਪੱਖੀ ਟਿੱਪਣੀ ਨਹੀਂ ਕੀਤੀ ਸਗੋਂ ਕਿਹਾ ਕਿ ਉਹ ਕਿਸੇ ਕੋਲ ਵੀ ਨੰਗੇਪੈਰੀਂ ਜਾਣ ਲਈ ਤਿਆਰ ਹਨ।
ਜਥੇਦਾਰ ਗੜਗੱਜ ਦਾ ਨਿਮਰਤਾ ਨਾਲ ਦਿੱਤਾ ਸੁਨੇਹਾ ਹੈ ਪਰ ਸਵਾਲ ਤਾਂ ਜਥੇਦਾਰ ਦੀ ਨਿਯੁਕਤੀ ਅਤੇ ਫ਼ਾਰਗ ਕਰਨ ਦੇ ਢੰਗ ਤਰੀਕਿਆਂ ਉਪਰ ਉਠ ਰਹੇ ਹਨ ।ਅਕਾਲ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜਦੋਂ ਇਹ ਕਹਿਣ ਕਿ ਜਥੇਦਾਰ ਦੀ ਨਵੀਂ ਨਿਯੁਕਤੀ ਮਰਿਆਦਾ ਦੀ ਘੋਰ ਉਲੰਘਣਾ ਕਰਕੇ ਕੀਤੀ ਗਈ ਹੈ ਤਾਂ ਸਵਾਲ ਤਾਂ ਉਠਣਗੇ। ਇਹ ਮਾਮਲੇ ਕਿਸੇ ਦੇ ਨਿੱਜੀ ਵਿਚਾਰਾਂ ਨਾਲ ਸਬੰਧਤ ਨਹੀਂ ਹਨ ਸਗੋਂ ਪੰਥਕ ਮਰਿਆਦਾ ਨਾਲ ਜੁੜੇ ਹੋਏ ਹਨ।
ਦਮਦਮੀ ਟਕਸਾਲ ਸਿੱਖ ਭਾਈਚਾਰੇ ਦੀ ਸ਼ਕਤੀਸ਼ਾਲੀ ਸੰਸਥਾ ਹੈ ਅਤੇ ਉਹ ਸਿਧੇ ਤੌਰ ਤੇ ਵੱਡੇ ਧਾਰਮਿਕ ਹਸਤੀਆਂ ਨਾਲ ਸਬੰਧਤ ਹੈ। ਉਸ ਸੰਸਥਾ ਵੱਲੋਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਮਰਿਆਦਾ ਦੀ ਉਲੰਘਣਾ ਦਾ ਸਵਾਲ ਤਾਂ ਉਠਾਇਆ ਹੀ ਜਾ ਰਿਹਾ ਹੈ ਪਰ ਨਾਲ ਹੀ ਟਕਸਾਲ ਹੈਡਕੁਆਟਰ ਤੇ ਵੱਡਾ ਪੰਥਕ ਇੱਕਠ ਰਖਿਆ ਗਿਆ ਹੈ। ਬੇਸ਼ੱਕ ਜਥੇਦਾਰ ਗੜਗੱਜ ਨੇ ਟਕਸਾਲ ਦੇ ਸਤਿਕਾਰ ਵਿੱਚ ਬੋਲਿਆ ਹੈ ਪਰ 14 ਮਾਰਚ ਦਾ ਇਕਠ ਕੀ ਫ਼ੈਸਲਾ ਲੈਂਦਾ ਹੈ? ਕੀ ਜਥੇਦਾਰ ਗੜਗੱਜ ਦੇ ਏਕੇ ਦੇ ਸੱਦੇ ਨੂੰ ਪ੍ਰਵਾਨ ਕੀਤਾ ਜਾਵੇਗਾ?
ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸਾਫ ਆਖ ਰਹੇ ਹਨ ਕਿ ਉਨਾਂ ਨੂੰ ਜਥੇਦਾਰ ਵਜੋ ਨਵੀਆਂ ਨਿਯੁਕਤੀਆਂ ਪ੍ਰਵਾਨ ਨਹੀਂ ਹਨ ਅਤੇ ਗਿਆਨੀ ਰਘਬੀਰ ਸਿੰਘ ਸਮੇਤ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਵਜੋਂ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੁੱਦੇ ਉੱਤੇ 18 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਕੰਪਲੈਕਸ ਵਿੱਚ ਵੱਡਾ ਪੰਥਕ ਇਕੱਠ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਲਈ ਵੱਡਾ ਸਵਾਲ ਇਹ ਵੀ ਹੈ ਕਿ ਜਿਸ ਪੰਥ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪੰਥ ਇਨਾਂ ਮਾਮਲਿਆਂ ਬਾਰੇ ਕੀ ਰੁਖ਼ ਅਖ਼ਤਿਆਰ ਕਰਦਾ ਹੈ?
ਸੰਪਰਕ 9814002186