ਕੁਲਦੀਪ ਧਾਲੀਵਾਲ ਨੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਦੋ ਪਲਟੂਨ ਪੁਲਾਂ ਦੀ ਕੀਤੀ ਸ਼ੁਰੂਆਤ

Rajneet Kaur
2 Min Read

ਅਜਨਾਲਾ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ-ਪਾਕਿਸਤਾਨ ਦੇ ਸਰਹੱਦੀ ਖੇਤਰ ਵਿੱਚ ਰਾਵੀ ਦਰਿਆ ਉੱਤੇ ਦੋ ਪਲਟੂਨ ਪੁਲਾਂ ਦੀ ਸ਼ੁਰੂਆਤ ਕੀਤੀ ਹੈ। ਜਿਸ ਨਾਲ ਹੁਣ ਕਿਸਾਨਾਂ ਅਤੇ ਨੌਜਵਾਨਾਂ ਨੂੰ ਰਾਵੀ ਦਰਿਆ ਤੋਂ ਪਾਰ ਖੇਤੀ ਤੇ ਦੇਸ਼ ਦੀ ਸੁਰੱਖਿਆ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਪਿੰਡ ਦਰਿਆ ਮੂਸਾ ਅਤੇ ਕੋਟ ਰਜਾਦਾ ਵਿਖੇ ਪਲਟੂਨ ਪੁਲਾਂ ਦੇ ਉਦਘਾਟਨ ਕਰਨ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਾਦੀ ਵੇਲੇ ਸਾਡਾ ਵੱਡਾ ਰਕਬਾ ਰਾਵੀ ਦਰਿਆ ਤੋਂ ਪਾਰ ਰਹਿ ਗਿਆ। ਜਿੱਥੇ ਸਾਡੇ ਕਿਸਾਨਾਂ ਅਤੇ ਦੇਸ਼ ਦੀ ਸੁਰੱਖਿਆ ਕਰਦੇ ਨੌਜਵਾਨਾਂ ਨੂੰ ਲਗਾਤਾਰ ਜਾਣਾ ਪੈਂਦਾ ਹੈ, ਪਰ ਸਾਡੀਆਂ ਹੁਣ ਤੱਕ ਆਈਆਂ ਸਰਕਾਰਾਂ ਨੇ ਇਸ ਅਹਿਮ ਮੁੱਦੇ ਵੱਲ ਵੀ ਧਿਆਨ ਨਹੀਂ ਦਿਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਵਿੱਚ ਹੀ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਦੋ ਪਲਟੂਨ ਪੁਲਾਂ ਦੀ ਉਸਾਰੀ ਕਰ ਦਿੱਤੀ ਹੈ, ਜਿਸ ਨਾਲ ਕਿਸਾਨ ਆਪਣੇ ਟਰੈਕਟਰ, ਟਰਾਲੀਆਂ, ਕੰਬਾਈਨਾਂ ਅਤੇ ਹੋਰ ਖੇਤੀ ਸੰਦ ਅਸਾਨੀ ਨਾਲ ਦਰਿਆ ਤੋਂ ਪਾਰ ਲਿਜਾ ਕੇ ਖੇਤੀ ਕਰ ਸਕਣਗੇ।

ਇਸ ਤੋਂ ਇਲਾਵਾ ਬੀ.ਐਸ.ਐਫ. ਦੇ ਜਵਾਨ ਦੇਸ਼ ਦੀ ਹੱਦ ਦੀ ਰਾਖੀ ਲਈ ਆਪਣੀ ਜੀਪਾਂ ਅਤੇ ਹੋਰ ਗੱਡੀਆਂ ਲੰਘਾ ਸਕਣਗੇ। ਉਨ੍ਹਾਂ ਕਿਹਾ ਕਿ ਮੈਂ ਇੱਥੇ ਪੱਕੇ ਪੁੱਲ ਦੀ ਉਸਾਰੀ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਦਿੱਲੀ ਜਾ ਕੇ ਗੱਲਬਾਤ ਵੀ ਕੀਤੀ ਸੀ ਪਰ ਸਰਹੱਦ ਨੇੜੇ ਪੈਂਦੀ ਹੋਣ ਕਾਰਨ ਉਨ੍ਹਾਂ ਪੱਕੇ ਪੁਲ ਦੀ ਉਸਾਰੀ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਪੁਲਾਂ ਦੀ ਮਜ਼ਬੂਤੀ ਲਈ ਇਨ੍ਹਾਂ ਨੇੜੇ ਸਪਰਮ ਵੀ ਬਣਾਏ ਜਾਣਗੇ, ਜਿੰਨਾ ਉਤੇ ਦੋ ਤੋਂ ਤਿੰਨ ਕਰੋੜ ਰੁਪਏ ਦੀ ਲਾਗਤ ਆਵੇਗੀ।  ਪੁਲਾਂ ਦੀ ਉਸਾਰੀ ਨਾਲ ਰਾਵੀ ਪਾਰ ਦੇ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਵਧਣਗੀਆਂ, ਕਿਸਾਨਾਂ ਲਈ ਖੇਤੀ ਸੌਖੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਦੇ ਕਿਸਾਨ ਅਤੇ ਦੇਸ਼ ਦੇ ਨੌਜਵਾਨਾਂ ਦੇ ਨਾਲ ਖੜੀ ਹੈ।

- Advertisement -

Share this Article
Leave a comment