ਕੋਟਕਪੂਰਾ : ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜਿੱਥੇ ਸਿੱਖੀ ਫ਼ਲਸਫ਼ੇ ਦੀ ਨੀਂਹ ਰੱਖੀ ਗਈ ਜਿੱਥੇ ਸਿੱਖੀ ਦੀ ਫੁੱਲਵਾੜੀ ਵਧੀ ਫੁੱਲੀ। ਪਰ ਅੱਜ ਇਸੇ ਪੰਜਾਬ ਦੀ ਧਰਤੀ ‘ਤੇ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਆਏ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ ਪਾੜ ਦਿੱਤੇ ਗਏ ਜਾਂ ਫਿਰ ਬੇਅਦਬੀ ਕੀਤੀ ਜਾਂਦੀ ਹੈ। ਕੁਝ ਅਜਿਹੀ ਹੀ ਘਟਨਾ ਵਾਪਰੀ ਸੀ ਸਾਲ 2015 ਦੌਰਾਨ ਬਰਗਾੜੀ ਵਿਖੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟ ਦਿੱਤੇ ਗਏ ਸੀ।ਜਿਸ ਤੋਂ ਬਾਅਦ ਸਿੱਖ ਕੌਮ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ।
ਕੋਟਕਪੂਰਾ ਵਿਖੇ ਪੱਕਾ ਮੋਰਚਾ ਸਿੱਖ ਕੌਮ ਦੇ ਵੱਲੋਂ ਲਗਾਇਆ ਗਿਆ ਸੀ। ਇਸ ਮੌਕੇ ਪੁਲੀਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੰਘਾਂ ਤੇ ਲਾਠੀਚਾਰਜ ਕਰ ਦਿੱਤਾ ਗਿਆ। ਨਾ ਸਿਰਫ਼ ਲਾਠੀਚਾਰਜ ਕੀਤਾ ਗਿਆ ਬਲਕਿ ਗੋਲੀ ਵੀ ਚਲਾਈ ਗਈ। ਇਸ ਗੋਲੀਬਾਰੀ ਦੌਰਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ। ਵੱਡੀ ਗਿਣਤੀ ਚ ਸੰਗਤ ਜ਼ਖ਼ਮੀ ਹੋਈ।
ਇਸ ਵਰਤਾਰੇ ਨੂੰ ਭਾਵੇਂ ਅੱਜ ਲੰਮਾ ਸਮਾਂ ਬੀਤ ਚੁੱਕਿਆ ਹੈ ਪਰ ਨਾ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ ਦੋ ਬੇਕਸੂਰ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ ਗਈਆਂ।
ਇਸ ਮਸਲੇ ‘ਤੇ ਹਮੇਸ਼ਾ ਹੀ ਇਕ ਗੱਲ ਕਹੀ ਜਾਂਦੀ ਹੈ ਕਿ ਜਾਂਚ ਜਾਰੀ ਹੈ। ਦੋ ਵਾਰ ਸਰਕਾਰ ਬਦਲ ਚੁੱਕੀ ਹੈ ਅਤੇ ਪਤਾ ਨਹੀਂ ਕਿੰਨੀਆਂ ਹੀ ਐਸਆਈਟੀ ਤੇ ਜਾਂਚ ਏਜੰਸੀਆਂ ਬਣਾ ਦਿੱਤੀਆਂ ਗਈਆਂ ਹਨ ਪਰ ਫੇਰ ਵੀ ਜਾਂਚ ਮੁਕੰਮਲ ਨਹੀਂ ਹੋ ਸਕੀ।