ਕੋਚੀ: ਕੋਚੀ ਵਿਚ ਐਤਵਾਰ ਸਵੇਰੇ ਉਡਾਣ ਦੌਰਾਨ ਗਲਾਈਡਰ ਹਾਦਸਾਗ੍ਰਸਤ ਹੋਣ ਕਾਰਨ ਜਲ ਸੈਨਾ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਰੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਜਲ ਸੈਨਾ ਗਲਾਈਡਰ ਨੇ ਟ੍ਰੇਨਿੰਗ ਦੌਰਾਨ ਆਈਐੱਨਐੱਸ ਗਰੁੜ ਨਾਲ ਉਡਾਣ ਭਰੀ ਸੀ।
ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਗਲਾਈਡਰ ਸਵੇਰੇ ਸੱਤ ਵਜੇ ਜਲ ਸੈਨਾ ਬੇਸ ਨੇੜੇ ਥੋਪੁਮਪਾਡੀ ਪੁਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗਲਾਈਡਰ ਵਿੱਚ ਸਵਾਰ ਲੈਫਟੀਨੈਂਟ ਰਾਜੀਵ ਝਾਅ ਅਤੇ ਪੇਟੀ ਅਫਸਰ ਸੁਨੀਲ ਕੁਮਾਰ ਨੂੰ ਆਈਐਨਐਚਐਸ ਸੰਜੀਵਨੀ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਖਣੀ ਨੇਵਲ ਕਮਾਂਡ ਨੇ ਹਾਦਸੇ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।