ਮੁਜ਼ੱਫਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ : ਲੱਖਾਂ ਦੀ ਗਿਣਤੀ ‘ਚ ਦੇਸ਼ ਭਰ ਤੋਂ ਪੁੱਜੇ ਕਿਸਾਨ, 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ

TeamGlobalPunjab
4 Min Read

ਮੁਜ਼ੱਫਰਨਗਰ : ਕੇਂਦਰ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਯੂਪੀ ਦੇ ਮੁਜ਼ੱਫਰਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਚੱਲ ਰਹੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨ ਇਸ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਪਹੁੰਚੇ ਹਨ। ਕਿਸਾਨ ਆਗੂਆਂ ਨੇ ਇਕ ਵਾਰ ਫਿਰ ਸਾਫ਼ ਕੀਤਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਉਸ ਸਮੇਂ ਤੱਕ ਉਹ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ ।

ਕਿਸਾਨ ਆਗੂਆਂ ਨੇ ਉਤਰ ਪ੍ਰਦੇਸ਼ ਤੋਂ ਭਾਜਪਾ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਹੌਕਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਮੋਦੀ-ਯੋਗੀ ਦੀ ਜੋੜੀ ਨੇ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਇਸ ਲਈ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨਾ ਹੋਵੇਗਾ।

ਮਹਾਪੰਚਾਇਤ ਪਹੁੰਚੀ ਮੇਧਾ ਪਾਟੇਕਰ ਨੇ ਕਿਹਾ ਕਿ ਸਾਨੂੰ ਵੋਟ ਤੇ ਚੋਟ ਕਰਨੀ ਹੋਵੇਗੀ। ਮੋਦੀ ਨੇ ਨੋਟਬੰਦੀ ਕੀਤੀ ਕਿ ਸਾਨੂੰ ਵੋਟ-ਬੰਦੀ ਕਰਕੇ ਮੋਦੀ-ਯੋਗੀ ਨੂੰ ਹਰਾਉਣਾ ਹੋਵੇਗਾ ।

 

ਉਧਰ ਭਾਜਪਾ ਆਗੂ ਵਰੂਣ ਗਾਂਧੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਠੋਸ ਉਪਰਾਲੇ ਕਰੇ।

 

ਰੈਲੀ ਵਾਲੀ ਥਾਂ ‘ਤੇ ਕਿੰਨੀ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਹੋਏ ਹਨ ਉਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਜ਼ੱਫਰਨਗਰ ਨੂੰ ਜੋੜਨ ਵਾਲੇ ਵੱਖ-ਵੱਖ ਰਸਤਿਆਂ ‘ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲਗਾ ਚੁੱਕਾ ਹੈ। ਅਜਿਹੇ ਵਿੱਚ ਕਿਸਾਨਾਂ ਵੱਲੋਂ ਪੈਦਲ ਹੀ ਰੈਲੀ ਵਾਲੀ ਥਾਂ ‘ਤੇ ਪਹੁੰਚਿਆ ਜਾ ਰਿਹਾ ਹੈ।

 

ਦਾਅਵਾ ਕੀਤਾ ਜਾ ਰਿਹਾ ਹੈ ਕਿ 6 ਲੱਖ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ, ਪਰ ਜਿਸ ਜੋਸ਼ ਨਾਲ ਕਿਸਾਨ ਪਹੁੰਚ ਰਹੇ ਨੇ ਉਸ ਹਿਸਾਬ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਥੇ 10 ਲੱਖ ਤੋਂ ਵੱਧ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣਗੇ।

ਜੀਆਈਸੀ ਗਰਾਉਂਡ ਵਿੱਚ ਇਸ ਸਮੇਂ ਤਿਲ ਰੱਖਣ ਦੀ ਵੀ ਥਾਂ ਨਹੀਂ ਹੈ। ਹਾਲੇ ਵੀ ਦੂਰ ਦਰਾਡੇ ਤੋਂ ਕਿਸਾਨਾਂ ਦਾ ਮੁਜੱਫਰਨਗਰ ਪਹੁੰਚਣਾ ਜਾਰੀ ਹੈ।

ਮਹਾਪੰਚਾਇਤ ਦੀ ਸਟੇਜ ਤੋਂ ਕਿਸਾਨ ਆਗੂਆਂ ਨੇ 27 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੰਦ 25 ਸਤੰਬਰ ਨੂੰ ਐਲਾਨਿਆ ਗਿਆ ਸੀ ਪਰ ਹੁਣ ਇਸ ਵਿੱਚ ਤਬਦੀਲੀ ਕੀਤੀ ਗਈ ਹੈ।

ਕਿਸਾਨ ਆਗੂ ਯੋਗੇਂਦਰ ਯਾਦਵ ਨੇ ਯੋਗੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਯੋਗੀ ਸਰਕਾਰ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਫ਼ਸਲ ਦੀ ਕੀਮਤ ਨਹੀਂ ਮਿਲੀ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਨਹੀਂ ਕੀਤਾ ਗਿਆ, ਕਿਸਾਨਾਂ ਦੇ ਬਕਾਏ ਨਹੀਂ ਦਿੱਤੇ ਗਏ। ਸਰਕਾਰ ਸਿਰਫ਼ ਆਪਣੀ ਮਨਮਾਨੀ ਕਰ ਰਹੀ ਹੈ। ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਬਜਾਏ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਯੋਗੀ ਕੋਈ ਡਾਕੂ ਨਹੀਂ ਹੈ। ਸਰਕਾਰ ਨੇ ਕਿਹਾ ਸੀ ਕਿ ਉਹ ਕਣਕ ਦੇ ਦਾਣੇ ਖਰੀਦੇਗੀ, ਪਰ ਕਿੰਨੀ ਖਰੀਦੀ ਗਈ ਇਹ ਸਭ ਦੇ ਸਾਹਮਣੇ ਹੈ। ਸਰਕਾਰ ਇੱਕ ਚਾਲਬਾਜ਼ ਹੈ।

 

 ਪੰਚਾਇਤ ਸਾਈਟ ਜੀਆਈਸੀ ਮੈਦਾਨ ਕਿਸਾਨਾਂ ਨਾਲ ਭਰਿਆ ਹੋਇਆ ਹੈ । ਇਸ ਦੌਰਾਨ ਕਰੀਬ 2 ਘੰਟੇ ਤੱਕ ਇੰਟਰਨੈਟ ਸੇਵਾ ਬੰਦ ਰਹੀ।

ਦੱਸਿਆ ਜਾ ਰਿਹਾ ਹੈ ਕਿ ਮੈਦਾਨ ਨੂੰ ਚਾਰੇ ਪਾਸੇ ਤੋਂ ਰੈਪਿਡ ਐਕਸ਼ਨ ਫੋਰਸ ਅਤੇ ਸੀਆਰਪੀਐਫ ਦੀ ਪੀਏਸੀ ਦੀ ਤਾਇਨਾਤੀ ਹੈ । 3800 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਦੂਜੇ ਪਾਸੇ, ਪੰਜਾਬ ਤੋਂ ਨਵੀਂ ਦਿੱਲੀ ਰਾਹੀਂ ਮੁਜ਼ੱਫਰਨਗਰ ਆਉਣ ਵਾਲੀ ਸੈਂਕੜੇ ਕਿਸਾਨਾਂ ਨਾਲ ਭਰੀ ਰੇਲਗੱਡੀ ਨੂੰ ਦਿੱਲੀ ਵਿੱਚ ਕਰੀਬ ਡੇਢ ਘੰਟੇ ਲਈ ਰੋਕਿਆ ਗਿਆ। ਕਿਸਾਨਾਂ ਦੇ ਹੰਗਾਮੇ ‘ਤੋਂ ਬਾਅਦ ਰੇਲ ਗੱਡੀ ਨੂੰ ਅੱਗੇ ਤੋਰਿਆ ਗਿਆ।

Share This Article
Leave a Comment