ਕਿਸਾਨ ਕਲੱਬ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਆਨਲਾਈਨ ਸਿਖਲਾਈ ਦਿੱਤੀ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪੀ.ਏ.ਯੂ., ਲੁਧਿਆਣਾ ਦੇ ਕਿਸਾਨ ਕਲੱਬ ਵੱਲੋਂ ਕਰਵਾਏ ਗਏ ਇੱਕ ਵੈਬੀਨਾਰ ਵਿੱਚ 385 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਹ ਵੈਬੀਨਾਰ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਕਿਸਾਨਾਂ ਨੂੰ ਖੇਤੀ ਸੰਬੰਧੀ ਨਵੀਨ ਸਿਖਲਾਈ ਦੇਣ ਲਈ ਕਰਵਾਇਆ ਗਿਆ।

ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕਰਦਿਆਂ ਪੀ.ਏ.ਯੂ. ਦੇ ਖੇਤੀ ਰਸਾਲਿਆਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਨਿਯਮਤ ਮੈਂਬਰ ਬਣਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਜੁੜਨ ਅਤੇ ਆਨਲਾਈਨ ਖਰੀਦ ਦੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ। ਅਜੋਕੇ ਦੌਰ ਵਿੱਚ ਖੇਤੀ ਸਾਹਿਤ ਦੇ ਮਹੱਤਵ ਬਾਰੇ ਗੱਲ ਕਰਦਿਆਂ ਡਾ. ਰਿਆੜ ਨੇ ਵਿਕਸਿਤ ਅਤੇ ਵਿਗਿਆਨਕ ਖੇਤੀ ਵਿੱਚ ਖੇਤੀ ਸਾਹਿਤ ਦੀ ਦੇਣ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ।

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਪੀ.ਏ.ਯੂ. ਨੇ ਬਦਲ ਵਜੋਂ ਬਹੁਤ ਸਾਰੀ ਮਸ਼ੀਨਰੀ ਦੀ ਸਿਫ਼ਾਰਸ਼ ਕੀਤੀ ਹੈ। ਸੁਪਰ ਐਸ.ਐਮ.ਐਸ, ਹੈਪੀ ਸੀਡਰ, ਸੁਪਰ ਸੀਡਰ, ਰੋਟਾਵੇਟਰ, ਬੇਲਰ, ਉਲਟਾਂਵਾ ਹਲ ਆਦਿ ਦੀ ਵਰਤੋਂ ਕਰਕੇ ਪਰਾਲੀ ਦੀ ਖੇਤ ਦੇ ਅੰਦਰ ਅਤੇ ਖੇਤ ਤੋਂ ਬਾਹਰ ਸੰਭਾਲ ਬਾਰੇ ਵਿਸਥਾਰ ਨਾਲ ਕਿਸਾਨਾਂ ਨੂੰ ਦੱਸਿਆ ਗਿਆ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਮਾਹਿਰ ਡਾ. ਹਰੀ ਰਾਮ ਨੇ ਆਉਂਦੇ ਹਾੜ੍ਹੀ ਸੀਜ਼ਨ ਲਈ ਕਣਕ ਦੀਆਂ ਸਿਫ਼ਾਰਸ਼ਸ਼ੁਦਾ ਕਿਸਮਾਂ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨਤ ਪੀ.ਬੀ.ਡਬਲਯੂ 343, ਉਨਤ ਪੀ.ਬੀ.ਡਬਲਯੂ 550, ਪੀ.ਬੀ. ਡਬਲਯੂ-1 ਜ਼ਿੰਕ, ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਐਚ.ਡੀ.-3086, ਐਚ.ਡੀ.-2967, ਡਬਲਯੂ ਐਚ-1105 ਅਤੇ ਪੀ.ਬੀ.ਡਬਲਯੂ 621 ਆਦਿ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਬੀਜਣ ਲਈ ਪੰਜਾਬ ਦੇ ਕਿਸਾਨਾਂ ਨੂੰ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ ਅਤੇ ਉਨਤ ਪੀ.ਬੀ.ਡਬਲਯੂ 550 ਅਤੇ ਪੀ.ਬੀ.ਡਬਲਯੂ 677 ਦੇ ਗੁਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਪੀਲੀ ਕੁੰਗੀ ਦਾ ਸਾਹਮਣਾ ਕਰਨ ਦੇ ਸਮਰਥ ਕਿਸਮਾਂ ਕਿਹਾ।
ਸਬਜ਼ੀ ਵਿਗਿਆਨੀ ਡਾ. ਕੁਲਵੀਰ ਸਿੰਘ ਨੇ ਰਸੋਈ ਸਬਜ਼ੀ ਬਗੀਚੀ ਬਾਰੇ ਗੱਲ ਕਰਦਿਆਂ ਸਬਜ਼ੀਆਂ ਦੇ ਪੋਸ਼ਕ ਗੁਣਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਘਰੇਲੂ ਵਰਤੋਂ ਲਈ ਇਸ ਮਾਡਲ ਨੂੰ ਅਪਨਾਉਣਾ ਹਰ ਕਿਸਾਨ ਲਈ ਅੱਜ ਦੇ ਸਮੇਂ ਦੀ ਲੋੜ ਹੈ।

ਕਿਸਾਨ ਕਲੱਬ ਦੇ ਔਰਤ ਵਿੰਗ ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਬੀਬੀਆਂ ਨੇ ਸੰਯੁਕਤ ਖੇਤੀ ਪ੍ਰਬੰਧ ਨੂੰ ਅਪਨਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਨੇ ਕਰੌਂਦੇ ਤੋਂ ਮੁੱਲ ਵਾਧੇ ਦੇ ਉਤਪਾਦ ਬਣਾਉਣ ਲਈ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ।

- Advertisement -

Share this Article
Leave a comment