ਨਵੀਂ ਦਿੱਲੀ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਅਤੇ ਸੱਤਾਧਾਰੀ ਭਾਜਪਾ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ ਬੀਤੇ ਕੱਲ੍ਹ ਕਰਨਾਲ ‘ਚ ਬੇਰਹਿਮੀ ਨਾਲ ਹੋਏ ਲਾਠੀਚਾਰਜ ਲਈ ਮੁਆਫੀ ਮੰਗਣ, ਜਿਸ ਵਿੱਚ 10 ਕਿਸਾਨ ਜ਼ਖਮੀ ਹੋਏ ਸਨ।
ਇੰਨਾ ਹੀ ਨਹੀਂ ਗਵਰਨਰ ਮਲਿਕ ਨੇ ਇੱਕ ਉੱਚ ਜ਼ਿਲ੍ਹਾ ਅਧਿਕਾਰੀ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ । ਇਹ ਉੱਚ ਅਧਿਕਾਰੀ ਹਨ ਐਸ.ਡੀ.ਐੱਮ. ਆਯੁਸ਼ ਸਿਨਹਾ । ਐਸ.ਡੀ.ਐੱਮ. ਆਯੂਸ਼ ਸਿਨਹਾ ਦਾ ਇੱਕ ਵੀਡੀਓ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ ਜਿਸ ਵਿੱਚ ਉਹ ਪੁਲਿਸ ਨੂੰ ਲਾਈਨ ਕਰਾਸ ਕਰਨ ‘ਤੇ ਕਿਸਾਨਾਂ ਦੇ “ਸਿਰ ਫੋੜਣ” ਦਾ ਆਦੇਸ਼ ਦੇ ਰਹੇ ਹਨ।
ਇਹ ਵੀਡੀਓ ਕਰਨਾਲ ਵਿੱਚ ਕਿਸਾਨਾਂ ਤੇ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਸਾਹਮਣੇ ਆਇਆ ਹੈ। ਐਤਵਾਰ ਨੂੰ ਦੇਸ਼ ਭਰ ਵਿੱਚ ਕਿਸਾਨ ਇਸੇ ਲਾਠੀਚਾਰਜ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ।
ਸਤਿਆਪਾਲ ਮਲਿਕ ਨੇ ਕਿਹਾ, “ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ‘ਤੇ ਲਾਠੀਆਂ ਦੀ ਵਰਤੋਂ ਕਰ ਰਹੇ ਹਨ। ਕੇਂਦਰ ਸਰਕਾਰ ਨੇ ਤਾਕਤ ਦੀ ਵਰਤੋਂ ਨਹੀਂ ਕੀਤੀ … ਮੈਂ ਉੱਚ ਲੀਡਰਸ਼ਿਪ ਨੂੰ ਕਿਹਾ ਕਿ ਉਹ ਤਾਕਤ ਦੀ ਵਰਤੋਂ ਨਾ ਕਰਨ।”
ਸਤਿਆਪਾਲ ਮਲਿਕ ਨੇ ਕਿਹਾ ਕਿ ਦੋਸ਼ੀ ਐਸਡੀਐਮ ਨੌਕਰੀ ਕਰਨ ਦੇ ਯੋਗ ਨਹੀਂ ਹੈ, ਜਦੋਂ ਕਿ ਖੱਟਰ ਸਰਕਾਰ ਉਸਨੂੰ ਸੁਰੱਖਿਆ ਦੇ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਦੁੱਖ ਪ੍ਰਗਟ ਕੀਤਾ ਕਿ 600 ਕਿਸਾਨਾਂ ਦੀ ਮੌਤ ਹੋ ਗਈ ਪਰ ਕਿਸੇ ਨੇ ਵੀ ਸਰਕਾਰੀ ਪੱਖ ਤੋਂ ਦਿਲਾਸਾ ਨਹੀਂ ਦਿੱਤਾ। ਉਸਨੇ ਕਿਹਾ, “ਮੈਂ ਇੱਕ ਕਿਸਾਨ ਦਾ ਪੁੱਤਰ ਹਾਂ। ਮੈਨੂੰ ਉਸਦੇ ਅਰਥ ਪਤਾ ਹਨ।”
ਮਲਿਕ ਨੇ ਐਸਡੀਐਮ ਦੇ ਆਦੇਸ਼ ‘ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ, “ਸਿਰ ਮੈਜਿਸਟਰੇਟ ਦਾ ਵੀ ਫੁੱਟ ਸਕਦਾ ਹੈ। ਉਸ ਦੇ ਉੱਪਰ ਦੇ ਲੋਕਾਂ ਦਾ ਸਿਰ ਵੀ ਫੁੱਟ ਸਕਦਾ ਹੈ। ਇਹ ਖੱਟਰ ਸਾਹਿਬ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਹੋ ਸਕਦਾ। ਮੈਂ ਆਪਣੇ ਲੋਕਾਂ ਲਈ ਬੋਲਦਾ ਰਹਾਂਗਾ, ਨਤੀਜੇ ਭਾਵੇਂ ਕੁਝ ਵੀ ਹੋਣ ਮੈਨੂੰ ਕੋਈ ਪਰਵਾਹ ਨਹੀਂ।”