ਲੁਧਿਆਣਾ : ਖੰਨਾ ਦੇ ਜੀਟੀ ਰੋਡ ਫਲਾਈ ਓਵਰ ‘ਤੇ ਖੜ੍ਹੇ ਸਰੀਏ ਨਾਲ ਭਰੇ ਟਰੱਕ ‘ਚ ਟੂਰਿਸਟ ਬੱਸ ਦੀ ਟੱਕਰ ਹੋ ਗਈ, ਜਿਸ ‘ਚ ਦੋ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਤੋਂ ਇਲਾਵਾ ਤਿੰਨ ਵਿਅਕਤੀ ਦੇ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮਾਰਕਫੈੱਡ ਦੇ ਸਾਹਮਣੇ ਸਵੇਰੇ 3 ਵਜੇ ਦੇ ਲਗਭਗ ਵਾਪਰਿਆ। ਇਹ ਟੂਰਿਸਟ ਬੱਸ ਯੂਪੀ ਤੇ ਬਿਹਾਰ ਤੋਂ ਸਵਾਰੀਆਂ ਲੈ ਕੇ ਲੁਧਿਆਣੇ ਵੱਲ ਨੂੰ ਜਾ ਰਹੀ ਸੀ।
ਬੱਸ ‘ਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰ ਦੇ 3 ਵਜੇ ਵਾਪਰਿਆ, ਟੱਕਰ ਐਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਖਤਮ ਹੋ ਗਿਆ। ਟਰੱਕ ਦੇ ਪਿੱਛੇ ਲਮਕਦੇ ਸਰੀਏ ਬੱਸ ਦੇ ਵਿਚ ਵੜ ਗਏ। ਜਿਸ ਨਾਲ ਬੱਸ ਡਰਾਈਵਰ ਸਣੇ ਇੱਕ ਹੋਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਦੇਹਾਂ ਨੂੰ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ।