ਖੰਨਾ ਦੇ ਹੋਟਲ ’ਚ ਪ੍ਰੇਮੀ ਜੋੜੇ ਦੀ ਗੋਲੀ ਲੱਗਣ ਨਾਲ ਮੌਤ! ਤੀਜੇ ਵਿਅਕਤੀ ਨੇ ਪੁਲਿਸ ਵਾਲਾ ਬਣ ਦਵਾਇਆ ਸੀ ਕਮਰਾ, CCTV ’ਚ ਵੱਡਾ ਖੁਲਾਸਾ

Global Team
3 Min Read

ਲੁਧਿਆਣਾ: ਖੰਨਾ ਸਥਿਤ ਗ੍ਰੀਨਲੈਂਡ ਹੋਟਲ ਵਿੱਚ ਪ੍ਰੇਮੀ ਜੋੜੇ ਦੀਆਂ ਮ੍ਰਿਤਕ ਦੇਹਾਂ ਮਿਲਣ ਦੇ ਮਾਮਲੇ ਵਿੱਚ ਜਾਂਚ ਦੌਰਾਨ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਤੋਂ ਸਾਹਮਣੇ ਆਇਆ ਹੈ ਕਿ ਨੌਜਵਾਨ ਦੇ ਨਾਲ ਇੱਕ ਤੀਜਾ ਵਿਅਕਤੀ ਵੀ ਹੋਟਲ ਪਹੁੰਚਿਆ ਸੀ। ਉਸ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਦੋਵਾਂ ਨੂੰ ਆਪਣੀ ਜ਼ਿੰਮੇਵਾਰੀ ’ਤੇ ਕਮਰਾ ਦਵਾਇਆ ਸੀ। ਹੁਣ ਪੁਲਿਸ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਭਾਲ ਕਰ ਰਹੀ ਹੈ।

ਤੜਕੇ ਹੋਟਲ ਪਹੁੰਚਿਆ ਸੀ ਪ੍ਰੇਮੀ ਜੋੜਾ

ਜਾਣਕਾਰੀ ਅਨੁਸਾਰ 1 ਜੁਲਾਈ ਤੜਕੇ ਕਰੀਬ 3 ਵਜੇ ਪ੍ਰੇਮੀ ਜੋੜਾ ਹਰਿਆਣਾ ਨੰਬਰ ਵਾਲੀ ਟੈਕਸੀ ਵਿੱਚ ਹੋਟਲ ਪਹੁੰਚਿਆ। ਉਨ੍ਹਾਂ ਦੇ ਨਾਲ ਆਏ ਤੀਜੇ ਵਿਅਕਤੀ ਨੇ ਰਿਸੈਪਸ਼ਨ ’ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ। ਉਸ ਦੇ ਭਰੋਸੇ ’ਤੇ ਹੋਟਲ ਪ੍ਰਬੰਧਕਾਂ ਨੇ ਨਾ ਤਾਂ ਜੋੜੇ ਦੇ ਪਛਾਣ ਪੱਤਰ ਲਏ ਅਤੇ ਨਾ ਹੀ ਰਜਿਸਟਰ ਵਿੱਚ ਕੋਈ ਐਂਟਰੀ ਕੀਤੀ। ਕਮਰਾ ਦਵਾਉਣ ਤੋਂ ਬਾਅਦ ਉਹ ਵਿਅਕਤੀ ਉਥੋਂ ਚਲਾ ਗਿਆ।

9 ਘੰਟੇ ਤੱਕ ਨਹੀਂ ਹੋਈ ਕੋਈ ਹਲਚਲ

ਪੁਲਿਸ ਮੁਤਾਬਕ ਦੋਵੇਂ ਕਰੀਬ ਨੌਂ ਘੰਟੇ ਤੱਕ ਕਮਰੇ ਤੋਂ ਬਾਹਰ ਨਹੀਂ ਆਏ। ਇਸ ਦੌਰਾਨ ਨਾ ਉਨ੍ਹਾਂ ਨੇ ਰਿਸੈਪਸ਼ਨ ’ਤੇ ਕੋਈ ਫੋਨ ਕੀਤਾ, ਨਾ ਨਾਸ਼ਤਾ ਮੰਗਵਾਇਆ ਅਤੇ ਨਾ ਹੀ ਕਿਸੇ ਹੋਰ ਸੇਵਾ ਦੀ ਮੰਗ ਕੀਤੀ। ਲੰਮੇ ਸਮੇਂ ਤੱਕ ਕੋਈ ਹਲਚਲ ਨਾ ਹੋਣ ’ਤੇ ਹੋਟਲ ਸਟਾਫ਼ ਨੂੰ ਸ਼ੱਕ ਹੋਇਆ। ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਜਵਾਬ ਨਾ ਮਿਲਣ ’ਤੇ ਦਰਵਾਜ਼ਾ ਤੋੜਿਆ ਗਿਆ, ਜਿੱਥੇ ਦੋਵਾਂ ਦੀਆਂ ਲਾਸ਼ਾਂ ਮਿਲੀਆਂ।

ਸ਼ੁਰੂਆਤੀ ਜਾਂਚ ’ਚ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ

ਮ੍ਰਿਤਕਾਂ ਦੀ ਪਛਾਣ ਫਿਰੋਜ਼ਪੁਰ ਦੇ ਮੱਖੂ ਵਾਸੀ ਮਨਜੀਤ ਸਿੰਘ ਅਤੇ ਹਰਪ੍ਰੀਤ ਕੌਰ ਵਜੋਂ ਹੋਈ ਹੈ। ਹਰਪ੍ਰੀਤ ਕੌਰ ਦੀ ਲਾਸ਼ ਬਿਸਤਰੇ ’ਤੇ ਮਿਲੀ, ਜਿਸ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਮਨਜੀਤ ਸਿੰਘ ਦੀ ਲਾਸ਼ ਬਿਸਤਰੇ ਕੋਲ ਫਰਸ਼ ’ਤੇ ਪਈ ਸੀ। ਮੌਕੇ ਤੋਂ 9 ਐਮਐਮ ਦੀ ਪਿਸਤੌਲ ਵੀ ਬਰਾਮਦ ਹੋਈ।

ਹਰ ਪੱਖ ਤੋਂ ਜਾਂਚ ਜਾਰੀ

ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਮਨਜੀਤ ਸਿੰਘ ਨੇ ਪਹਿਲਾਂ ਹਰਪ੍ਰੀਤ ਕੌਰ ਨੂੰ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ। ਇਸ ਦੇ ਨਾਲ ਹੀ ਪੁਲਿਸ ਉਸ ਤੀਜੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਹੋਟਲ ਵਿੱਚ ਕਮਰਾ ਦਵਾਇਆ ਸੀ। ਮਾਮਲੇ ਦੇ ਹਰ ਪੱਖ ਤੋਂ ਜਾਂਚ ਜਾਰੀ ਹੈ।

Share This Article
Leave a Comment