ਬਿਹਾਰ : ਕੋਚਿੰਗ ਵਿਵਾਦ ਮਾਮਲੇ ਵਿੱਚ ਫ਼ੈਜ਼ਲ ਖ਼ਾਨ ਉਰਫ਼ ਖ਼ਾਨ ਸਰ ਨੂੰ ਵੱਡੀ ਰਾਹਤ ਮਿਲ ਗਈ ਹੈ। ਪਟਨਾ ਸਿਵਲ ਕੋਰਟ ਨੇ ਖ਼ਾਨ ਸਰ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਉਨ੍ਹਾਂ ਦੀ ਅਗਾਂਊਂ ਜ਼ਮਾਨਤ ਪਟੀਸ਼ਨ ‘ਤੇ ਦੋਵਾਂ ਪੱਖਾਂ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਸੋਮਵਾਰ ਨੂੰ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਫਾਇਰਿੰਗ ਕੇਸ ਵਿੱਚ ਖ਼ਾਨ ਸਰ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖ਼ਾਨ ਸਰ ਦੇ ਦੋਵਾਂ ਬਾਡੀਗਾਰਡਾਂ ਨੂੰ ਵੀ ਫਿਲਹਾਲ ਜ਼ਮਾਨਤ ਮਿਲ ਗਈ ਹੈ।
ਦੱਸ ਦਈਏ ਕਿ ਇਸੇ ਸਾਲ ਜੂਨ ਦੀ ਸ਼ੁਰੂਆਤ ਵਿੱਚ ਖ਼ਾਨ ਸਰ ਦੇ ਕੋਚਿੰਗ ਇੰਸਟੀਚਿਊਟ ਦੇ ਨੇੜੇ ਕੁੱਟਮਾਰ ਅਤੇ ਫਾਇਰਿੰਗ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ‘ਗਿਆਨ ਬਿੰਦੂ ਕੋਚਿੰਗ’ ਦੇ ਸੰਚਾਲਕ ਅਤੇ ਕਰਮਚਾਰੀਆਂ ‘ਤੇ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੋਸ਼ਨ ਆਨੰਦ ਸਮੇਤ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਖ਼ਾਨ ਸਰ ਦੇ ਦੋ ਬਾਡੀਗਾਰਡ ਹਵਾ ਵਿੱਚ ਫਾਇਰਿੰਗ ਕਰਦੇ ਨਜ਼ਰ ਆਏ ਸਨ, ਇਸ ਲਈ ਖ਼ਾਨ ਸਰ ‘ਤੇ ਵੀ ਕੇਸ ਦਰਜ ਹੋਇਆ ਸੀ ਅਤੇ ਉਨ੍ਹਾਂ ਦੇ ਗਾਰਡ ਗ੍ਰਿਫ਼ਤਾਰ ਕੀਤੇ ਗਏ ਸਨ। ਹਥਿਆਰ ਫੋਰੈਂਸਿਕ ਜਾਂਚ ਲਈ ਭੇਜੇ ਗਏ ਸਨ। ਹਾਲਾਂਕਿ, ਇਸ ਮਾਮਲੇ ਵਿੱਚ ਖ਼ਾਨ ਸਰ ਦੀ ਗ੍ਰਿਫ਼ਤਾਰੀ ‘ਤੇ ਆਰਜ਼ੀ ਰੋਕ ਲਗਾਈ ਗਈ ਸੀ।
ਖ਼ਾਨ ਸਰ ਦੇ ਵਕੀਲ ਅਰਵਿੰਦ ਕੁਮਾਰ ਮਊਆਰ ਨੇ ਕਿਹਾ ਕਿ ਅਦਾਲਤ ਵਿੱਚ ਸਭ ਤੋਂ ਪਹਿਲਾਂ ਖ਼ਾਨ ਸਰ ਦੀ ਅਗਾਂਊਂ ਜ਼ਮਾਨਤ ਪਟੀਸ਼ਨ ‘ਤੇ ਫ਼ੈਸਲਾ ਆਇਆ ਅਤੇ ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਦੀ ਵੀ ਅਗਾਂਊਂ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ।
ਇਸ ਤੋਂ ਬਾਅਦ ਆਖ਼ਰ ਵਿੱਚ ਦੋਵਾਂ ਗਾਰਡਾਂ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਵੀ ਅਦਾਲਤ ਨੇ ਮਨਜ਼ੂਰ ਕਰ ਲਿਆ। ਵਕੀਲ ਨੇ ਦੱਸਿਆ ਕਿ ਦੂਜੇ ਪੱਖ ਵੱਲੋਂ ਅਗਾਂਊਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਗਿਆ ਸੀ ਪਰ ਅਦਾਲਤ ਨੇ ਕਾਨੂੰਨ ਮੁਤਾਬਕ ਜ਼ਮਾਨਤ ਦੇ ਦਿੱਤੀ।

