ਚੰਡੀਗੜ੍ਹ: ਖਹਿਰਾ ਵੱਲੋਂ ਖਾਲਿਸਤਾਨ ਅਤੇ 2020 ਐਸ.ਐਫ.ਜੇ ਰਿਫਰੈਂਡਮ ਨੂੰ ਠੱਲ ਪਾਉਣ ਦੀ ਆੜ ਵਿੱਚ ਗਰੀਬ ਨਿਰਦੋਸ਼ ਨੋਜਵਾਨਾਂ ਨੂੰ UAPA ਕਾਨੂੰਨ ਦੀ ਦੁਰਵਰਤੋਂ ਕਰਕੇ ਝੂਠਾ ਫਸਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ।
ਕੇਂਦਰ ਅਤੇ ਪੰਜਾਬ ਸਰਕਾਰਾਂ ਦੋਨਾਂ ਵੱਲੋਂ UAPA ਕਾਨੂੰਨ ਦੀ ਕੀਤੀ ਜਾ ਰਹੀ ਸਰਾਸਰ ਦੁਰਵਰਤੋਂ ਦਾ ਖੁਲਾਸਾ ਕਰਨ ਵਾਸਤੇ ਰੱਖੀਆਂ ਜਾ ਰਹੀਆਂ ਲੋਕ ਕਚਹਿਰੀਆਂ ਦੀ ਲੜੀ ਤਹਿਤ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ, ਐਮ.ਐਲ.ਏ ਜਗਦੇਵ ਸਿੰਘ ਕਮਾਲੂ ਅਤੇ ਐਮ.ਐਲ.ਏ ਪਿਰਮਲ ਸਿੰਘ ਖਾਲਸਾ ਅੱਜ ਪਿੰਡ ਅਚਾਨਕ (ਬੁਢਲਾਡਾ) ਦੇ ਅੰਮ੍ਰਿਤਪਾਲ ਸਿੰਘ ਅਤੇ ਮਾਨਸਾ ਸ਼ਹਿਰ ਦੇ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਮਿਲੇ ਜਿਸ ਦੇ ਖਿਲਾਫ UAPA ਕਾਨੂੰਨ ਤਹਿਤ ਦਿੱਲੀ ਪੁਲਿਸ ਨੇ ਮੁਕੱਦਮਾ ਦਰਜ਼ ਕੀਤਾ ਹੈ।
ਗੁਰਤੇਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਾਂ ਅਤੇ ਪਿੰਡ ਦੇ ਸਿਆਣਿਆਂ ਨੂੰ ਮਿਲਣ ਉਪਰੰਤ ਖਹਿਰਾ ਅਤੇ ਸਾਥੀ ਵਿਧਾਇਕਾਂ ਨੇ ਉਕਤ ਤਾਨਾਸ਼ਾਹੀ ਕਾਨੂੰਨ ਤਹਿਤ ਅੱਤ ਗਰੀਬ, ਬੇਕਸੂਰ ਅਤੇ ਬੇਬੱਸ ਨੋਜਵਾਨਾਂ ਨੂੰ ਫਸਾਏ ਜਾਣ ਵਾਸਤੇ ਮੋਦੀ ਸਰਕਾਰ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ।
ਖਹਿਰਾ ਨੇ ਕਿਹਾ ਕਿ ਸਮਾਣਾ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਅਨੁਸਾਰ 18 ਤੋਂ 20 ਸਾਲ ਦੀ ਉਮਰ ਦੇ ਜਿਹਨਾਂ ਵਿੱਚੋਂ ਜਿਆਦਾਤਰ ਦਲਿਤ ਹਨ ਲਵਪ੍ਰੀਤ ਸਿੰਘ, ਪਟਿਆਲਾ ਦੇ ਸੁਖਚੈਨ ਸਿੰਘ, ਮਾਨਸਾ ਦੇ ਅੰਮ੍ਰਿਤਪਾਲ ਸਿੰਘ, ਨਵਾਂਸ਼ਹਿਰ ਦੇ ਇੱਕ ਗੈਰੀ ਅਤੇ ਮਜੀਠਾ ਦੇ ਜਸਪ੍ਰੀਤ ਸਿੰਘ ਪੰਜਾਂ ਨੂੰ ਉਕਤ ਤਾਨਾਸ਼ਾਹੀ ਕਾਨੂੰਨ ਤਹਿਤ ਦੋਸ਼ੀ ਬਣਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬ ਪੁਲਿਸ ਇੱਕ ਸੋਚੀ ਸਮਝੀ ਨੀਤੀ ਤਹਿਤ ਬੇਹੱਦ ਗਰੀਬ ਅਤੇ ਬੇਬੱਸ ਰਹਿਤ ਨੋਜਵਾਨਾਂ ਨੂੰ ਅਨੇਕਾਂ ਐਫ.ਆਈ.ਆਰਾਂ ਵਿੱਚ ਨਾਮਜਦ ਕਰ ਰਹੀ ਹੈ ਕਿਉਂਕਿ ਉਹ ਆਪਣਾ ਕੇਸ ਲੜਣ ਅਤੇ ਜੇਲਾਂ ਤੋਂ ਬਾਹਰ ਆਉਣ ਵਾਸਤੇ ਕਾਨੂੰਨੀ ਲੜਾਈ ਦੇ ਸਮਰੱਥ ਨਹੀਂ ਹਨ। ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬ ਪੁਲਿਸ ਵਿਸ਼ੇਸ਼ ਤੋਰ ਉੱਪਰ ਡੀ.ਜੀ.ਪੀ ਦਿਨਕਰ ਗੁਪਤਾ ਖਾਲਿਸਤਾਨ ਅਤੇ 2020 SFJ ਰਿਫਰੈਂਡਮ ਖਿਲਾਫ ਆਪਣੀ ਅਖੋਤੀ ਲੜਾਈ ਵਿੱਚ ਇਹਨਾਂ ਨੋਜਵਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਰਾਰ ਦੇ ਕੇ ਪੰਜਾਬ ਵਿੱਚ ਡਰ ਦਾ ਮਾਹੋਲ ਪੈਦਾ ਕਰਨਾ ਚਾਹੁੰਦੇ ਹਨ।
ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਅਜਿਹੀ ਇੱਕ ਲੋਕ ਕਚਹਿਰੀ ਆਪਣੇ ਹਲਕੇ ਭੁਲੱਥ ਦੇ ਪਿੰਡ ਅਕਾਲਾ ਵਿਖੇ ਵੀ ਲਗਾਈ ਸੀ ਜਿਥੋਂ ਦੇ ਇੱਕ 65 ਸਾਲਾਂ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਵਾਲੇ ਦਿਲ ਦੇ ਮਰੀਜ ਜੋਗਿੰਦਰ ਸਿੰਘ ਗੁੱਜਰ ਨੂੰ UAPA ਤਹਿਤ ਝੂਠਾ ਫਸਾਏ ਜਾਣ ਦਾ ਖੁਲਾਸਾ ਕੀਤਾ ਸੀ। ਖਹਿਰਾ ਅਤੇ ਡਾ. ਗਾਂਧੀ ਨੇ ਵਿਧਾਇਕਾਂ ਸਮੇਤ ਹਾਲ ਹੀ ਵਿੱਚ ਪਟਿਆਲਾ ਜਿਲੇ ਦੇ ਪਿੰਡ ਸੇਹਰਾ ਦੇ ਸੁਖਚੈਨ ਸਿੰਘ ਦੇ ਘਰ ਦਾ ਵੀ ਦੋਰਾ ਕੀਤਾ ਸੀ ਜਿਥੇ ਕਿ ਪਿੰਡ ਦੇ ਵਡੇਰਿਆਂ ਅਤੇ ਸਰਪੰਚ ਨੇ ਵਿਸ਼ੇਸ਼ ਤੋਰ ਉੇੱਪਰ ਦੱਸਿਆ ਸੀ ਕਿ ਨੋਜਵਾਨ ਲੜਕੇ ਨੂੰ ਪਟਿਆਲਾ ਪੁਲਿਸ ਨੇ ਉਹਨਾਂ ਦੀ ਹਾਜਰੀ ਵਿੱਚ 26 ਜੂਨ ਨੂੰ ਪਿੰਡ ਤੋਂ ਹਿਰਾਸਤ ਵਿੱਚ ਲ਼ਿਆ ਸੀ ਪਰੰਤੂ ਬਾਅਦ ਵਿੱਚ ਉਸ ਨੂੰ ਪਟਿਆਲਾ ਜਿਲੇ ਦੇ ਥਾਣਾ ਸਮਾਣਾ ਅਧੀਨ ਪੈਂਦੇ ਪਿੰਡ ਗਾਜੇਵਾਸ ਦੇ ਇੱਕ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਦਿਖਾਇਆ ਸੀ।
ਪੰਜਾਬ ਪੁਲਿਸ ਵੱਲੋਂ UAPA ਕਾਨੂੰਨ ਦੀ ਕੀਤੀ ਜਾ ਰਹੀ ਸਰਾਸਰ ਦੁਰਵਰਤੋਂ ਦੀ ਨਿੰਦਿਆ ਕਰਦੇ ਹੋਏ ਵਿਧਾਇਕ ਖਾਲਿਸਤਾਨ ਅਤੇ 2020 ਰਿਫਰੈਂਡਮ ਦੀ ਆੜ ਵਿੱਚ ਹਿੰਦੂਆਂ ਦਰਮਿਆਨ ਡਰ ਦਾ ਮਾਹੋਲ ਪੈਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਡੀ.ਜੀ.ਪੀ ਉੱਪਰ ਖੂਬ ਵਰੇ। ਖਹਿਰਾ ਨੇ ਕਿਹਾ ਕਿ UAPA ਤਹਿਤ ਬੇਕਸੂਰਾਂ ਨੂੰ ਫਸਾਏ ਜਾਣ ਦੀ ਸਾਰੀ ਮੁਹਿੰਮ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਨ ਅਤੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪਾਏ ਜਾਣ ਦੀ ਸੋਚੀ ਸਮਝੀ ਸਿਆਸੀ ਸਾਜਿਸ਼ ਹੈ। ਉਹਨਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਕੋਝੀਆਂ ਚਾਲਾਂ ਦੇ ਸ਼ਿਕਾਰ ਨਾ ਬਣਨ।
ਖਹਿਰਾ ਨੇ ਕਿਹਾ ਕਿ ਇਹ ਹੈਰਾਨਜਨਕ ਹੈ ਕਿ ਜਿਥੇ ਕਾਂਗਰਸ ਪਾਰਟੀ ਨੇ ਇੱਕ ਪਾਸੇ ਸੰਸਦ ਵਿੱਚ ਪਿਛਲੇ ਸਾਲ UAPA ਕਾਨੂੰਨ ਦਾ ਡੱਟ ਕੇ ਵਿਰੋਧ ਕੀਤਾ ਸੀ ਅਤੇ ਕੱਦਵਾਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਹਾਲ ਹੀ ਵਿੱਚ UAPA ਕਾਨੂੰਨ ਨੂੰ ਇੱਕ ਦਬਾਉਣ ਵਾਲਾ ਕਾਨੂੰਨ ਕਰਾਰ ਦੇਣ ਵਾਲਾ ਆਰਟੀਕਲ ਲਿਿਖਆ ਸੀ ਪਰੰਤੂ ਉਹਨਾਂ ਦੀ ਆਪਣੀ ਹੀ ਕੈਪਟਨ ਸਰਕਾਰ ਪੰਜਾਬ ਵਿੱਚ ਇਸ ਦੀ ਰੱਜ ਕੇ ਦੁਰਵਰਤੋਂ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ UAPA ਤਹਿਤ 16 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਜੋ ਕਿ ਉਹਨਾਂ ਅਨੁਸਾਰ ਸਰਾਸਰ ਗਲਤ ਹਨ ਅਤੇ ਜਿਆਦਾਤਰ ਵਿੱਚ ਗਰੀਬ ਅਤੇ ਦਿਹਾੜੀਦਾਰ ਨੋਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਖਹਿਰਾ ਅਤੇ ਹੋਰਨਾਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ UAPA ਕਾਨੂੰਨ ਤਹਿਤ ਕੀਤੀਆਂ ਗਈਆਂ ਉਕਤ ਐਫ.ਆਈ.ਆਰਾਂ ਦੀ ਜਾਂਚ ਵਾਸਤੇ ਜਾਂਚ ਕਮੀਸ਼ਨ ਬਿਠਾਇਆ ਜਾਵੇ, ਜੇਕਰ ਹੋ ਸਕੇ ਤਾਂ ਉਕਤ 16 UAPA ਐਫ.ਆਈ.ਆਰਾਂ ਦੀ ਜਾਂਚ ਬਦਲਾਖੋਰੀ ਕਮੀਸ਼ਨ ਦੇ ਮੁੱਖੀ ਜਸਟਿਸ ਮਹਿਤਾਬ ਸਿੰਘ ਗਿੱਲ ਕੋਲੋਂ ਕਰਵਾਈ ਜਾਵੇ।