-ਆਰ ਸੁਦਰਸ਼ਨ
ਇਸ ਸਾਲ ਫਰਵਰੀ ਦਾ ਮਹੀਨਾ ਸੀ ਜਦੋਂ ਭਾਰਤ ਲਈ ਕੋਰੋਨਾ ਆਲਮੀ ਮਹਾਮਾਰੀ ਪ੍ਰਤੀ ਸਜਗ ਹੋਣਾ ਬਾਕੀ ਸੀ। ਜਨ-ਜੀਵਨ ਆਮ ਤਰੀਕੇ ਨਾਲ ਚਲ ਰਿਹਾ ਸੀ। ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਗ੍ਰਾਮ ਉਦਯੋਗ ਭਵਨ ਦਾ ਪੁਨਰ ਨਿਰਮਾਣ ਹੋਇਆ ਸੀ ਅਤੇ ਉੱਥੋਂ ਦੀ ਆਪਣੀ ਅਚਾਨਕ ਯਾਤਰਾ ਦੌਰਾਨ ਮੈਂ ਦੇਖਿਆ ਕਿ ਖਾਦੀ ਦੇ ਕੁਝ ਰੁਮਾਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਜਾਹਰ ਤੌਰ ‘ਤੇ ਖਾਦੀ ਦੇ ਵਿਆਪਕ ਉਤਪਾਦਾਂ ਦਰਮਿਆਨ ਉਹ ਇੱਕ ਨਵਾਂ ਉਤਪਾਦ ਸੀ। ਸੂਤੀ ਕਪੜਿਆਂ ਦਾ ਹਮਾਇਤੀ ਹੋਣ ਕਾਰਨ ਮੈਂ ਉਨ੍ਹਾਂ ਵਿੱਚੋਂ ਕੁਝ ਰੁਮਾਲ ਲੈਣ ਤੋਂ ਖੁਦ ਨੂੰ ਰੋਕ ਨਹੀਂ ਸਕਿਆ। ਹਾਲਾਂਕਿ ਅਜਿਹਾ ਨਹੀਂ ਹੈ ਕਿ ਉਸ ਦੀ ਗੁਣਵੱਤਾ ਕਾਰਨ ਮੇਰਾ ਧਿਆਨ ਉਸ ਪਾਸੇ ਆਕਰਸ਼ਿਤ ਹੋਇਆ ਬਲਕਿ ਉਸ ਪੈਕਟ ਦੇ ਪਿੱਛੇ ਛਪੀ ਤਸਵੀਰ ਉੱਤੇ ਮੇਰੀ ਨਜ਼ਰ ਪਈ ਜਿਸ ਵਿੱਚ ਰੁਮਾਲ ਦੀ ਸਿਲਾਈ ਕਰਨ ਵਾਲੀਆਂ ਕੁਝ ਮਹਿਲਾਵਾਂ ਨੂੰ ਦਰਸਾਇਆ ਗਿਆ ਸੀ। ਉਸੇ ਤਸਵੀਰ ਨੇ ਮੈਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਉਹ ਤਸਵੀਰ ਭਾਵਨਾਤਮਕ ਤੌਰ ‘ਤੇ ਤਤਕਾਲ ਝੰਜੋੜਨ ਲਈ ਕਾਫੀ ਦਮਦਾਰ ਸੀ।
ਜਿਗਿਆਸਾ ਵਸ ਮੈਂ ਖਾਦੀ ਰੁਮਾਲ ਬਾਰੇ ਹੋਰ ਵੀ ਵਧੇਰੇ ਜਾਣਨ ਦੀ ਕੋਸ਼ਿਸ਼ ਕੀਤੀ ਜੋ ਖਾਦੀ ਇੰਡੀਆ ਦੁਆਰਾ ਤਿਆਰ ਹੁਣ ਤੱਕ ਦਾ ਸ਼ਾਇਦ ਸਭ ਤੋਂ ਘੱਟ ਕੀਮਤ ਵਾਲਾ ਉਤਪਾਦ ਹੈ। ਗੂਗਲ ਉੱਤੇ ਸਰਚ ਕਰਨ ਨਾਲ ਤਤਕਾਲ ਮੈਨੂੰ ਪਤਾ ਚਲਿਆ ਕਿ ਕੇਵੀਆਈਸੀ ਦੇ ਨਗਰੋਟਾ (ਜੰਮੂ-ਕਸ਼ਮੀਰ) ਕੇਂਦਰ ਵਿੱਚ ਸਿਲਾਈ ਕੀਤੇ ਗਏ ਖਾਦੀ ਦੇ ਰੁਮਾਲਾਂ ਨੂੰ ਵਿਕਰੀ ਦੇ ਲਈ ਦਸੰਬਰ, 2019 ਵਿੱਚ ਲਾਂਚ ਕੀਤਾ ਗਿਆ ਸੀ। ਇਸ ਨਾਲ ਉਹ ਉਤਪਾਦ ਕਈ ਪਾਏਦਾਨ ਉੱਪਰ ਚੜ੍ਹ ਗਿਆ। ਉਸ ਕੇਂਦਰ ਨੇ 2016 ਵਿੱਚ ਖਾਦੀ ਦੇ ਰੁਮਾਲਾਂ ਦੀ ਸਪਲਾਈ ਸ਼ੁਰੂ ਕੀਤੀ ਸੀ। ਉੱਥੇ ਕਸ਼ਮੀਰ ਘਾਟੀ ਦੇ ਆਤੰਕਵਾਦ ਪ੍ਰਭਾਵਿਤ ਪਰਿਵਾਰਾਂ ਦੀਆਂ ਤਕਰੀਬਨ 300 ਮਹਿਲਾ ਕਾਰੀਗਰਾਂ ਨੇ ਖਾਦੀ ਰੁਮਾਲਾਂ ਦੀ ਸਿਲਾਈ ਸ਼ੁਰੂ ਕੀਤੀ ਸੀ। ਇਸ ਨੇ ਮੈਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵਾਈਆਈਸੀ) ਦੀ ਉਸ ਪਹਿਲ ਬਾਰੇ ਜਾਣਕਾਰੀ ਮਿਲੀ ਜਿਸ ਨੇ ਲਾਜ਼ਮੀ ਤੌਰ ‘ਤੇ ਇਨ੍ਹਾਂ ਮਹਿਲਾਵਾਂ ਦੇ ਜੀਵਨ ਵਿੱਚ ਇੱਕ ਬਦਲਾਅ ਲਿਆਂਦਾ। ਇਸ ਤਰ੍ਹਾਂ ਇਹ ਮਹਿਲਾਵਾਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧਣ ਅਤੇ ਸਨਮਾਨਜਨਕ ਆਜੀਵਿਕਾ ਨਾਲ ਜੀਵਨ ਬਿਤਾਉਣ ਵਿੱਚ ਕਾਮਯਾਬ ਰਹੀਆਂ। ਉਹ ‘ਮਜ਼ਬੂਤ’ ਮਹਿਲਾਵਾਂ ਸਨ ਜੋ ਰੋਜ਼ਾਨਾ 10,000 ਤੋਂ ਵੱਧ ਰੁਮਾਲਾਂ ਦਾ ਉਤਪਾਦਨ ਕਰਦੀਆਂ ਸਨ।
ਕੁਝ ਮਹੀਨਿਆਂ ਬਾਅਦ ਜਦੋਂ ਕੋਵਿਡ-19 ਦੀ ਰੋਕਥਾਮ ਲਈ ਦੇਸ਼ ਵਿਆਪੀ ਲੌਕਡਾਊਨ ਲਗਾਇਆ ਗਿਆ ਤਾਂ ਜੰਮੂ ਵਿੱਚ ਮਹਿਲਾਵਾਂ ਦੇ ਉਸੇ ਸਮੂਹ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਸਭ ਤੋਂ ਪ੍ਰਭਾਵੀ ਉਪਕਰਣ-ਫੇਸ ਮਾਸਕ ਦੇ ਉਤਪਾਦਨ ਵਿੱਚ ਦੇਸ਼ ਦੀ ਅਗਵਾਈ ਕੀਤੀ। ਅਪ੍ਰੈਲ, 2020 ਵਿੱਚ ਕੇਵਾਈਆਈਸੀ ਨੇ ਆਪਣੇ ਨਗਰੋਟਾ ਕੇਂਦਰ ਨੂੰ ਮਾਸਕ ਸਿਲਾਈ ਕੇਂਦਰ ਵਿੱਚ ਬਦਲ ਦਿੱਤਾ ਅਤੇ ਇਹ ਮਹਿਲਾ ਕਾਰੀਗਰ ਸੂਤੀ ਖਾਦੀ ਫੇਸ ਮਾਸਕ ਦੇ ਉਤਪਾਦਨ ਵਿੱਚ ਜੁਟ ਗਈਆਂ। ਇਹ ਮਾਸਕ ਨਾ ਸਿਰਫ ਚਮੜੀ ਲਈ ਢੁਕਵੇਂ ਸਨ ਬਲਕਿ ਇਨ੍ਹਾਂ ਨੂੰ ਧੋ ਕੇ ਦੁਬਾਰਾ ਵੀ ਵਰਤਿਆ ਜਾ ਸਕਦਾ ਸੀ, ਨਾਲ ਹੀ ਇਹ ਖਾਦੀ ਦਾ ਸਭ ਤੋਂ ਸਸਤਾ ਉਤਪਾਦ ਸੀ ਜਿਸ ਦੀ ਕੀਮਤ ਸਿਰਫ 30 ਰੁਪਏ ਰੱਖੀ ਗਈ ਸੀ।
ਰਿਪੋਰਟਾਂ ਅਨੁਸਾਰ ਸਿਰਫ ਜੰਮੂ-ਕਸ਼ਮੀਰ ਸਰਕਾਰ ਨੇ ਹੀ 7.5 ਲੱਖ ਫੇਸ ਮਾਸਕਾਂ ਲਈ ਆਰਡਰ ਦਿੱਤਾ ਸੀ। ਇਸ ਦਾ ਉਦੇਸ਼ ਨਾ ਸਿਰਫ ਆਪਣੇ ਲੋਕਾਂ ਨੂੰ ਬਿਮਾਰੀ ਤੋਂ ਬਚਾਉਣਾ ਸੀ ਬਲਕਿ ਆਰਥਿਕ ਸੰਕਟ ਦੌਰਾਨ ਜੰਮੂ-ਕਸ਼ਮੀਰ ਦੇ ਕਾਰੀਗਰਾਂ ਦੀ ਮਦਦ ਕਰਨਾ ਵੀ ਸੀ। ਖਾਦੀ ਦੇ ਮਾਸਕ ਨੇ ਨਗਰੋਟਾ ਜਿਹੇ ਛੋਟੇ ਸ਼ਹਿਰ ਦੇ ਇਸ ਸਿਲਾਈ ਕੇਂਦਰ ਤੋਂ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਨਿਵਾਸ, ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਜਨਤਕ ਅਦਾਰਿਆਂ ਤੋਂ ਇਲਾਵਾ ਦੇਸ਼ ਦੀ ਇੱਕ ਵੱਡੀ ਆਬਾਦੀ ਤੱਕ ਆਪਣੀ ਪਹੁੰਚ ਬਣਾਈ।
ਸੰਕਟ ਨੂੰ ਅਵਸਰ ਵਿੱਚ ਬਦਲਣ ਦਾ ਕ੍ਰੈਡਿਟ ਇਸ ਗਾਂਧੀਵਾਦ ਸੰਗਠਨ ਨੂੰ ਜਾਂਦਾ ਹੈ। ਕਾਰੀਗਰਾਂ ਨੂੰ ਘੱਟ ਸਮੇਂ ਵਿੱਚ ਫੇਸ ਮਾਸਕ ਦੀ ਸਿਲਾਈ ਕਰਨ ਲਈ ਨਵੇਂ ਸਿਰਿਓਂ ਟ੍ਰੇਂਡ ਕੀਤਾ ਗਿਆ ਤਾਕਿ ਦੇਸ਼ ਵਿੱਚ ਮਾਸਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਇਆ ਜਾ ਸਕੇ ਕਿਉਂਕਿ ਕੋਰੋਨਾ ਦੇ ਮਾਮਲੇ ਰੋਜ਼ਾਨਾ ਵਧ ਰਹੇ ਹਨ। ਜਦੋਂ ਮੈਨੂੰ ਪਤਾ ਲਗਿਆ ਕਿ ਕੇਵੀਆਈਸੀ ਨੇ ਲੌਕਡਾਊਨ ਦੌਰਾਨ ਖਾਦੀ ਦੇ ਮਾਸਕ ਬਣਾਉਣ ਵਾਲੇ ਕਾਰੀਗਰਾਂ ਨੂੰ 50 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਤਾਂ ਮੈਂ ਹੈਰਾਨ ਸੀ ਕਿਉਂਕਿ ਉਸ ਦੌਰਾਨ ਹੋਰ ਸਾਰੀਆਂ ਗਤੀਵਿਧੀਆਂ ਲਗਭਗ ਬੰਦ ਸਨ।
ਜੰਮੂ-ਕਸ਼ਮੀਰ ਵਿੱਚ ਗਾਂਧੀਵਾਦੀ ਸਰਗਰਮੀਆਂ ਕਿਤੇ ਵੱਧ ਹਨ। ਇਨ੍ਹਾਂ ਵਿੱਚ ਹਨੀ ਮਿਸ਼ਨ ਤਹਿਤ ਸ਼ਹਿਦ ਉਤਪਾਦਨ ਵਿੱਚ ਰਾਜ ਦੀ ਅਪਾਰ ਸਮਰੱਥਾ ਦਾ ਦੋਹਨ, ਘੁਮਾਰ ਸਸ਼ਕਤੀਕਰਨ ਯੋਜਨਾ ਰਾਹੀਂ ਘੁਮਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਅਤੇ ਕੇਂਦਰ ਸਰਕਾਰ ਦੀ ਪ੍ਰਮੁੱਖ ਯੋਜਨਾ ਪ੍ਰਧਾਨ ਮੰਤਰੀ ਰੋਜਗਾਰ ਸਿਰਜਣ ਯੋਜਨਾ (ਪੀਐੱਮਈਜੀਪੀ) ਦੇ ਜ਼ਰੀਏ ਬੇਰੋਜ਼ਗਾਰਾਂ ਲਈ ਰੋਜ਼ਗਾਰ ਪੈਦਾ ਕਰਨਾ ਸ਼ਾਮਲ ਹੈ।
ਇੱਕ ਸੰਕਟ ਪ੍ਰਬੰਧਨ ਅਤੇ ਸੰਘਰਸ਼ ਤੋਂ ਬਾਅਦ ਪੁਨਰਉਥਾਨ ਪੇਸ਼ੇਵਰ ਦੇ ਤੌਰ ‘ਤੇ ਮੈਨੂੰ ਅਸਾਧਾਰਨ ਅਤੇ ਹੰਗਾਮੀ ਸਥਿਤੀਆਂ ਵਿੱਚ ਵੀ ਦੇਸ਼ ਭਰ ਵਿੱਚ ਯਾਤਰਾ ਕਰਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਜੰਮੂ ਜ਼ਿਲ੍ਹੇ ਦੇ ਅਜਿਹੇ ਹੀ ਇੱਕ ਅਧਿਐਨ ਦੇ ਦੌਰਾਨ ਮੈਨੂੰ ਇਹ ਜਾਣ ਕੇ ਸੁਖਦ ਹੈਰਾਨੀ ਹੋਈ ਕਿ ਲੌਕਡਾਊਨ ਦੌਰਾਨ ਵੀ ਕੇਵੀਆਈਸੀ ਨੇ ਆਪਣੀਆਂ ਸਰਗਰਮੀਆਂ ਨੂੰ ਕਿਸ ਤਰ੍ਹਾਂ ਜਾਰੀ ਰੱਖਿਆ। ਜੰਮੂ ਵਿੱਚ ਕੇਵੀਆਈਸੀ ਦੇ ਸਥਾਨਕ ਅਧਿਕਾਰੀਆਂ ਤੋਂ ਪੁੱਛ-ਗਿਛ ਤੋਂ ਬਾਅਦ ਮੈਨੂੰ ਪਤਾ ਲਗਿਆ ਕਿ ਕੇਵੀਆਈਸੀ ਨੇ ਕਿਸ ਤਰ੍ਹਾਂ ਰਾਜ ਦੀ ਵਿਸ਼ੇਸ਼ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਉੱਥੋਂ ਦੀਆਂ ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਸਵੈ-ਰੋਜਗਾਰ ਪ੍ਰੋਗਰਾਮਾਂ ਨਾਲ ਜੋੜਨ ਲਈ ਇੱਕ ਵਿਆਪਕ ਯੋਜਨਾ ਬਣਾਈ ਸੀ।
ਪਿਛਲੇ ਕੁਝ ਸਾਲਾਂ ਦੌਰਾਨ ਰਾਜ ਵਿੱਚ ਗ੍ਰਾਮ ਉਦਯੋਗ ਸਬੰਧੀ ਸਰਗਰਮੀਆਂ ਵਿੱਚ ਕਾਫੀ ਤੇਜ਼ੀ ਆਈ ਸੀ ਅਤੇ ਧਾਰਾ 370 ਹਟਣ ਤੋਂ ਬਾਅਦ ਪਿਛਲੇ ਇੱਕ ਸਾਲ ਦੌਰਾਨ ਉਸ ਦੀ ਰਫਤਾਰ ਕਿਤੇ ਅਧਿਕ ਤੇਜ਼ ਹੋਈ ਹੈ। ਵਿਚਾਰ ਇਹ ਸੀ ਕਿ ਅਧਿਕ ਤੋਂ ਅਧਿਕ ਲੋਕਾਂ ਨੂੰ ਰੋਜਗਾਰ ਦੇ ਨਵੇਂ ਅਵਸਰਾਂ ਨਾਲ ਜੋੜਿਆ ਜਾਵੇ ਤਾਕਿ ਰਾਜ ਨੂੰ ਮੁੱਖ ਧਾਰਾ ਦੇ ਨਾਲ ਜੋੜਿਆ ਜਾ ਸਕੇ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ 106 ਖਾਦੀ ਸੰਸਥਾਨ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 12 ਮੁੱਖ ਤੌਰ ‘ਤੇ ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਪਸ਼ਮੀਨਾ ਸ਼ਾਲ ਦੇ ਉਤਪਾਦਨ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 60 ਫੀਸਦੀ ਤੋਂ ਅਧਿਕ ਸ਼ਾਲਾਂ ਦਾ ਉਤਪਾਦਨ ਦੱਖਣੀ ਕਸ਼ਮੀਰ ਵਿੱਚ ਅਨੰਤਨਾਗ, ਬਾਂਦੀਪੋਰਾ, ਪੁਲਵਾਮਾ ਅਤੇ ਕੁਲਗਾਮ ਵਿੱਚ ਕੀਤਾ ਜਾਂਦਾ ਹੈ ਜੋ ਆਤੰਕਵਾਦ ਤੋਂ ਸਭ ਤੋਂ ਅਧਿਕ ਪ੍ਰਭਾਵਿਤ ਹਨ। ਸਿਰਫ ਖਾਦੀ ਅਤੇ ਗ੍ਰਾਮ ਉਦਯੋਗ ਖੇਤਰ ਨੇ ਪਿਛਲੇ ਇੱਕ ਸਾਲ ਦੌਰਾਨ ਰੋਜਗਾਰ ਦੇ ਤਕਰੀਬਨ 15,000 ਅਵਸਰ ਪੈਦਾ ਕੀਤੇ ਹਨ। ਜੰਮੂ-ਕਸ਼ਮੀਰ ਵਿੱਚ ਬਣੇ ਉਤਪਾਦਾਂ ਲਈ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਜਿਹੇ ਰਾਜਾਂ ਵਿੱਚ ਵੱਡੀ ਸੰਖਿਆ ਵਿੱਚ ਉਪਭੋਗਤਾ ਪਾਏ ਗਏ ਹਨ।
ਸਰਕਾਰ ਨੇ ਆਤੰਕਵਾਦ ਦੇ ਮੂਲ ਕਾਰਨ ਦੇ ਰੂਪ ਵਿੱਚ ਅਨਪੜ੍ਹਤਾ ਅਤੇ ਰੋਜਗਾਰ ਦੀ ਕਮੀ ਦੀ ਪਹਿਚਾਣ ਕੀਤੀ ਹੈ। ਇਸ ਲਈ ਉਸ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ ਤਾਕਿ ਉਨ੍ਹਾਂ ਨੂੰ ਖੁਦ ਦੀਆਂ ਨਿਰਮਾਣ ਇਕਾਈਆਂ ਸਥਾਪਿਤ ਕਰਨ ਅਤੇ ਰੋਜਗਾਰ ਸਿਰਜਣ ਲਾਇਕ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਕੇਵੀਆਈਸੀ ਨੇ ਜੰਮੂ-ਕਸ਼ਮੀਰ ਵਿੱਚ 2019-20 ਦੌਰਾਨ 5,000 ਤੋਂ ਅਧਿਕ ਪ੍ਰੋਜੈਕਟਾਂ ਦੀ ਸਥਾਪਨਾ ਵਿੱਚ ਮਦਦ ਕੀਤੀ ਜਿਸ ਨਾਲ ਰਾਜ ਵਿੱਚ ਲਗਭਗ 43,000 ਨੌਕਰੀਆਂ ਦੀ ਸਿਰਜਣਾ ਹੋਈ।
ਕੁਝ ਦਿਨਾਂ ਬਾਅਦ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਵਿੱਚ ਕਮਿਸ਼ਨ ਦੀਆਂ ਸਰਗਰਮੀਆਂ ਦਾ ਇੱਕ ਹੋਰ ਦਿਲਚਸਪ ਪਹਿਲੂ ਸਾਹਮਣੇ ਆਇਆ। ਗਾਂਧੀਵਾਦੀ ਸਿਧਾਂਤਾਂ ਉੱਤੇ ਕੰਮ ਕਰਨ ਲਈ ਪ੍ਰਤਿਸ਼ਠਿਤ ਇਸ ਸੰਗਠਨ ਨੇ ਭਾਰਤੀ ਸੈਨਾ ਨਾਲ ਮਿਲ ਕੇ ਰਾਜ ਵਿੱਚ ਇੱਕ ਅਨੋਖੀ ਪਹਿਲ ਕੀਤੀ ਹੈ। ਇਸ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਉਨ੍ਹਾਂ ਕਿਸਾਨਾਂ ਦਰਮਿਆਨ 2,330 ਮਧੂਮੱਖੀਆਂ ਦੇ ਬਕਸੇ ਵੰਡੇ ਜੋ ਆਰਥਿਕ ਵਿਕਾਸ ਤੋਂ ਹਮੇਸ਼ਾ ਦੂਰ ਰਹੇ। ਸੰਜੋਗ ਨਾਲ ਕੁਪਵਾੜਾ ਅਤੇ ਬਾਰਾਮੂਲਾ ਦੀ ਨੀਤੀ ਨਿਰਮਾਣ ਲਈ ਭਾਰਤ ਸਰਕਾਰ ਦੇ ਚੋਟੀ ਦੇ ਥਿੰਕ ਟੈਂਕ ਨੀਤੀ ਆਯੋਗ ਦੁਆਰਾ ਖਾਹਿਸ਼ੀ ਜ਼ਿਲ੍ਹਿਆਂ ਦੇ ਰੂਪ ਵਿੱਚ ਪਛਾਣ ਕੀਤੀ ਗਈ ਹੈ।
ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ, “ਇੱਕ ਹੀ ਦਿਨ ਵਿੱਚ ਸਭ ਤੋਂ ਵੱਧ ਮਧੂਮੱਖੀਆਂ ਦੇ ਬਕਸਿਆਂ ਦੀ ਵੰਡ ਦਾ ਇਹ ਇੱਕ ਵਿਸ਼ਵ ਰਿਕਾਰਡ ਸੀ। ਇਸ ਨੂੰ ਸੈਨਾ ਦੀ ਮਦਦ ਨਾਲ ਕੀਤਾ ਗਿਆ ਲੇਕਿਨ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਪਹੁੰਚਣ ਅਤੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਕੇਵੀਆਈਸੀ ਦਾ ਸੰਕਲਪ ਕਿਤੇ ਅਧਿਕ ਸ਼ਲਾਘਾਯੋਗ ਹੈ।”
ਵਿਸ਼ਾਲ ਕੁਦਰਤੀ ਸੰਸਾਧਨਾਂ ਅਤੇ ਸਮ੍ਰਿੱਧ ਵਨਸਪਤੀਆਂ ਦਾ ਦੋਹਨ ਕਰਨ ਲਈ ਕੇਵੀਆਈਸੀ ਨੇ ਰਾਜ ਵਿੱਚ ਤਕਰੀਬਨ 6,000 ਮਧੂਮੱਖੀਆਂ ਦੇ ਬਕਸੇ ਵੰਡੇ ਹਨ। ਕੇਵੀਆਈਸੀ ਜੰਮੂ-ਕਸ਼ਮੀਰ ਨੂੰ ਸ਼ਹਿਦ ਦੇ ਉਤਪਾਦਨ ਲਈ ਅਤਿਅਧਿਕ ਉਚਾਈ ਵਾਲੇ ਇੱਕ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਖਾਦੀ ਕਮਿਸ਼ਨ ਨੌਜਵਾਨਾਂ ਨੂੰ ਕਟਿੰਗ ਅਤੇ ਟੇਲਰਿੰਗ, ਮਹਿੰਦੀ ਡਿਜ਼ਾਈਨਿੰਗ, ਕਢਾਈ, ਮੋਬਾਈਲ ਰਿਪੇਅਰਿੰਗ ਆਦਿ ਦੀ ਟ੍ਰੇਨਿੰਗ ਵੀ ਦਿੰਦਾ ਹੈ। ਨਾਲ ਹੀ ਉਹ ਉਨ੍ਹਾਂ ਨੂੰ ਪੀਐੱਮਈਜੀਪੀ ਦੇ ਦਾਇਰੇ ਵਿੱਚ ਲਿਆਂਦੇ ਹੋਏ ਸਹਾਰਾ ਦੇ ਰਿਹਾ ਹੈ। ਕੁਮਹਾਰਾਂ (ਘੁਮਿਆਰਾਂ) ਦਰਮਿਆਨ ਬਿਜਲੀ ਚੱਕ ਦੀ ਟ੍ਰੇਨਿੰਗ ਅਤੇ ਵੰਡ, ਚਮੜਾ ਕਾਰੀਗਰਾਂ (ਮੋਚੀਆਂ) ਨੂੰ ਲੈਦਰ ਟੂਲ ਕਿੱਟ ਪ੍ਰਦਾਨ ਕਰਨਾ ਆਦਿ ਜੰਮੂ-ਕਸ਼ਮੀਰ ਵਿੱਚ ਕੇਵੀਆਈਸੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਹੋਰ ਗਤੀਵਿਧੀਆਂ ਹਨ ਜਿਨ੍ਹਾਂ ਨੇ ਰਾਜ ਵਿੱਚ ਟਿਕਾਊ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਹਨ।
ਕੇਵੀਆਈਸੀ ਗ੍ਰਾਮੀਣ ਵਿਕਾਸ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਇਹ ਸਰਕਾਰ ਦੇ ਉਨ੍ਹਾਂ ਮਹੱਤਵਪੂਰਨ ਹਥਿਆਰਾਂ ਵਿੱਚੋਂ ਇੱਕ ਹੈ ਜੋ ਜ਼ਮੀਨੀ ਪੱਧਰ ਉੱਤੇ ਬਦਲਾਅ ਲਿਆਉਣ ਲਈ ਪ੍ਰੋਗਰਾਮਾਂ ਅਤੇ ਸੰਵੇਦਨਾਵਾਂ ਦੁਆਰਾ ਸਮਾਨ ਰੂਪ ਨਾਲ ਸੰਚਾਲਿਤ ਹਨ। ਇੱਥੋਂ ਤੱਕ ਕਿ ਸਭ ਤੋਂ ਅਧਿਕ ਕਠਿਨ ਘੜੀ ਵਿੱਚ ਵੀ ਕੇਵੀਆਈਸੀ ਨੇ ਦੀਵਾ ਜਗਾਇਆ ਹੈ ਅਤੇ ਹਨੇਰੇ ਵਿੱਚ ਰੋਸ਼ਨੀ ਪ੍ਰਦਾਨ ਕੀਤੀ ਹੈ। ਕਿਸੇ ਰਾਸ਼ਟਰ ਦੇ ਅਸਾਸੇ ਅਲੱਗ-ਅਲੱਗ ਪੈਟਰਨਾਂ ਅਤੇ ਪਹਿਚਾਣ ਵਿੱਚ ਆਉਂਦੇ ਹਨ। ਪਰ ਕੇਵੀਆਈਸੀ ਇੱਕ ਪ੍ਰੋਗਰਾਮ ਸਬੰਧੀ ਅਸਾਸਾ ਹੈ ਜਿਸ ਦੀ ਇੱਕ ਜ਼ਮੀਨੀ ਪਹਿਚਾਣ ਹੈ ਅਤੇ ਜਿਸ ਵਿੱਚ ਸਮਾਜ ‘ਚ ਗਤੀਸ਼ੀਲ ਪਰਿਵਰਤਨ ਲਿਆਉਣ ਦੀ ਸਮਰੱਥਾ ਮੌਜੂਦ ਹੈ।
(ਲੇਖਕ: ਸਾਬਕਾ ਸੀਨੀਅਰ ਪ੍ਰੋਗਰਾਮ ਅਧਿਕਾਰੀ ਅਤੇ ਸਲਾਹਕਾਰ
ਸੰਯੁਕਤ ਰਾਸ਼ਟਰ ਮੁਆਵਜ਼ਾ ਕਮਿਸ਼ਨ,ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ)