ਕੇਵਲ ਇੱਕ ਦਿਨ ਵਿੱਚ  ਹੀ 35000 ਦੇ ਕਰੀਬ ਸ਼ਹੀਦੀਆਂ  : ਵੱਡਾ ਘੱਲੂਘਾਰਾ

TeamGlobalPunjab
3 Min Read

ਕੇਵਲ ਇੱਕ ਦਿਨ ਵਿੱਚ  ਹੀ 35000 ਦੇ ਕਰੀਬ ਸ਼ਹੀਦੀਆਂ  : ਵੱਡਾ ਘੱਲੂਘਾਰਾ

*ਡਾ. ਗੁਰਦੇਵ ਸਿੰਘ 

ਇਤਿਹਾਸ ਦੇ ਪੰਨੇ ਅਜਿਹੀਆਂ ਲਾਸਾਨੀ ਕੁਰਬਾਨੀਆਂ ਤੇ ਬਹਾਦਰੀਆਂ ਨਾਲ ਭਰੇ ਹੋਏ ਹਨ ਜਿਨ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਮਿਲਣੀ ਅਸੰਭਵ ਹੈ। ਅਜਿਹਾ ਮਾਣਮੱਤਾ ਇਤਹਾਸ ਸਿਰਜਣ ਲਈ ਸਿੱਖਾਂ ਨੂੰ ਵੱਡੇ ਪੱਧਰ ‘ਤੇ ਸ਼ਹੀਦੀਆਂ ਵੀ ਦੇਣੀਆਂ ਪਈਆਂ ਹਨ। ਅਜਿਹੀ ਹੀ ਇੱਕ ਇਤਿਹਾਸਕ ਘਟਨਾ 18ਵੀਂ ਸਦੀ ਵਿੱਚ ਵਾਪਰੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਦਰਜ ਕੀਤਾ ਗਿਆ।

ਵੱਡਾ ਘੱਲੂਘਾਰਾ 5 ਫਰਵਰੀ 1762 ਨੂੰ ਮਲੇਰਕੋਟਲਾ ਦੇ ਕੁੱਪ ਰੋਹੀੜਾ ‘ਚ ਸਿੱਖਾਂ ਦੀ ਬਹਾਦਰੀ ਦੀ ਇੱਕ ਲਾਮਿਸਾਲ ਘਟਨਾ ਹੈ ਜਿਸ ਵਿੱਚ ਮੁੱਠੀ ਭਰ ਸਿੱਖ ਜਥਿਆਂ ਨੇ ਅਹਿਮਦ ਸ਼ਾਹ ਅਬਦਾਲੀ, ਸਰਹਿੰਦ ਦੇ ਨਵਾਬ ਜੈਨ ਖਾਂ ਤੇ ਮਲੇਰਕੋਟਲਾ ਦੇ ਨਵਾਬ ਭੀਖਨ ਖਾਂ ਦੀਆਂ ਸਾਂਝੀਆਂ ਟਿੱਡੀ ਦਲ ਫੌਜਾਂ ਦਾ ਅਨੋਖੀ ਬਹਾਦਰੀ ਨਾਲ ਮੁਕਾਬਲਾ ਕੀਤਾ।

ਵੱਡੇ ਘੱਲੂਘਾਰੇ ਦਾ ਕਾਰਨ ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਨਾਲ ਰੰਜਿਸ਼ ਸੀ।  ਅਸਲ ‘ਚ 1761 ਨੂੰ ਅਬਦਾਲੀ ਨੇ ਹਿੰਦੋਸਤਾਨ ਦੀ ਸਭ ਤੋਂ ਸ਼ਕਤੀਸ਼ਾਲੀ ਮੰਨੀ ਜਾਂਦੀ ਮਰਹੱਟਿਆਂ ਦੀ ਸ਼ਕਤੀ ਨੂੰ ਪਾਣੀਪਤ ਦੇ ਸਥਾਨ ‘ਤੇ ਮਸਲ ਕੇ ਰੱਖ ਦਿੱਤਾ। ਉਸ ਨੇ ਹਿੰਦੋਸਤਾਨ ਨੂੰ ਖੂਬ ਲੁਟਿਆ ਤੇ ਹਜ਼ਾਰਾਂ ਹਿੰਦੂ ਬਹੁ ਬੇਟੀਆਂ ਨੂੰ ਕੈਦੀ ਬਣਾ ਲਿਆ ਪਰ ਸਿੱਖਾਂ ਨੇ ਉਸ ਦੇ ਜਿੱਤ ਨੂੰ ਮਾਤਮ ਵਿੱਚ ਬਦਲ ਦਿੱਤਾ। ਸਿੱਖਾਂ ਨੇ ਸਤਲੁਜ ਤੋਂ ਲੈ ਕੇ ਜੇਹਲਮ ਤਕ ਉਸ ਦਾ ਪਿੱਛਾ ਕੀਤਾ ਤੇ ਉਸ ਤੋਂ ਬੰਦੀ ਔਰਤਾਂ ਨੂੰ ਛਡਵਾਇਆ ਅਤੇ ਲੁੱਟ ਦਾ ਮਾਲ ਵੀ ਆਪਣੇ ਕਬਜੇ ਵਿੱਚ ਕੀਤਾ। ਬੌਖਲਾਏ ਅਹਿਮਦ ਸ਼ਾਹ ਅਬਦਾਲੀ ਨੇ ਕਾਬਲ ਦੀ ਸ਼ਾਹੀ ਮਸੀਤ ਵਿੱਚ ਇਕੱਠ ਕਰਕੇ ਸਿੱਖ ਸ਼ਕਤੀ ਨੂੰ ਖਤਮ ਕਰਨ ਲਈ ਅਫਗਾਨਾਂ ਦੇ ਮਜ੍ਹਬੀ ਜਨੂੰਨ ਨੂੰ ਵੰਗਾਰਿਆ । ਉਸ ਨੇ ਧੋਖੇ ਨਾਲ ਚੁੱਪ ਚੁਪੀਤੇ ਸਿੰਘਾਂ ’ਤੇ ਹਮਲਾ ਕਰ ਦਿੱਤਾ ਜਿਸ ਦਾ ਮੁੱਠੀ ਭਰ ਸਿੰਘਾਂ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਇਹ ਭਇਆਨਕ ਜੰਗ ਮਲੇਰਕੋਟਲਾ ਰਿਆਸਤ ਦੇ ਪਿੰਡ ਕੁੱਪ ਰੋਹੀੜੇ ਤੋਂ ਸ਼ੁਰੂ ਹੋ ਕੇ ਪਿੰਡ ਕੁਤਬਾ ਬਾਮਨੀ ਤੱਕ 15-20 ਮੀਲ ਦੇ ਇਲਾਕੇ ‘ਚ ਹੋਇਆ। ਸਿੰਘ, ਅਬਦਾਲੀ ਦੀ ਲਗਭਗ 2 ਲੱਖ ਫੌਜ ਦਾ ਘੇਰਾ ਤੋੜ ਕੇ ਸੁਰੱਖਿਅਤ ਨਿਕਲ ਗਏ। ਗੁੱਸੇ ‘ਚ ਆਏ ਅਬਦਾਲੀ ਨੇ ਸਿੱਖਾਂ ਦੇ ਬੱਚੇ, ਬਜੁਰਗ ਤੇ ਔਰਤਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਇੱਕ ਅੰਦਾਜੇ ਨਾਲ 35 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕੀਤਾ ਗਿਆ। ਸਿੱਖਾਂ ਦੀ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਵਸੋਂ ਇੱਕ ਦਿਨ ਵਿੱਚ ਹੀ ਖਤਮ ਹੋ ਗਈ ਸੀ ਇਸੇ ਲਈ ਘਟਨਾ ਨੂੰ ਵੱਡਾ ਘੱਲੂਘਾਰਾ ਆਖਿਆ ਜਾਂਦਾ ਹੈ।

ਵੱਡੇ ਘੱਲੂਘਾਰੇ ਨੇ ਸਿੰਘਾਂ ਵਿੱਚ ਇੱਕ ਨਵੀਂ ਅਤੇ ਅਦਬ ਸਕਤੀ ਦਾ ਸੰਚਾਰ ਕੀਤਾ। ਸਿੰਘਾਂ ਨੇ ਤਿੰਨ ਮਹੀਨੀਆਂ ਦੇ ਅੰਦਰ ਦੂਣ ਸਵਾਏ ਹੋ ਕੇ ਪਹਿਲਾਂ ਸਰਹੰਦ ’ਤੇ ਫਿਰ ਲਾਹੌਰ ਨੂੰ ਸ਼ਬਕ ਸਿਖਾਇਆ। ਅਹਿਮਦ ਸ਼ਾਹ ਅਬਦਾਲੀ ਭਾਵੇਂ ਪੰਜਾਬ ਵਿੱਚ ਹੀ ਸੀ ਪਰ ਸਿੱਖਾਂ ਅੱਗੇ ਬੇਵੱਸ ਸੀ। 1763 ਈ. ਵਿੱਚ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਹੀ ਅਧੀਨ ਸਰਹੰਦ ਫਤਿਹ ਕੀਤਾ ਅਤੇ ਅਹਿਮਦ ਸ਼ਾਹ ਸਮੇਤ ਆਪਣੇ ਵਿਰੋਧੀਆਂ ਨੂੰ ਸਮਝਾ ਦਿੱਤਾ ਕਿ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਬਾਇਆ ਨਹੀਂ ਜਾ ਸਕਦਾ। ਵੱਡੇ ਘੱਲੂਘਾਰੇ ਦੇ ਸਾਰੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

*[email protected]

Share This Article
Leave a Comment