43 ਸਾਲ ਬਾਅਦ ਬੇਗੁਨਾਹ ਨੂੰ ਮਿਲਿਆ ਇਨਸਾਫ, ਲੋਕਾਂ ਨੇ ਆਰਥਿਕ ਮਦਦ ਲਈ ਇਕੱਠੇ ਕੀਤੇ 1.5 ਮਿਲੀਅਨ ਡਾਲਰ

TeamGlobalPunjab
2 Min Read

ਮਿਸੌਰੀ : ਅਮਰੀਕਾ ਦੇ ਮਿਸੌਰੀ ਦੀ ਜੇਲ੍ਹ ‘ਚ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਕੇਵਿਨ ਸਟਰਿਕਲੈਂਡ ਬਰੀ ਹੋ ਗਏ ਹਨ। ਉਨ੍ਹਾਂ ਨੂੰ 3 ਲੋਕਾਂ ਦੇ ਕਤਲ ਦੇ ਦੋਸ਼ ਹੇਂਠ ਸਜ਼ਾ ਸੁਣਾਈ ਗਈ ਸੀ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਸੀ। ਬਗੈਰ ਅਪਰਾਧ ਦੇ ਹੀ ਉਨ੍ਹਾਂ ਦੇ 43 ਸਾਲ ਜੇਲ੍ਹ ‘ਚ ਹੀ ਗੁਜ਼ਰ ਗਏ।

ਕੇਵਿਨ ਦੇ ਆਜ਼ਾਦ ਹੋਣ ‘ਤੇ ਲੋਕ ਉਨ੍ਹਾਂ ਦੀ ਆਰਥਿਕ ਮਦਦ ਲਈ  ਅੱਗੇ ਆਏ ਹਨ। ਲੋਕਾਂ ਵਲੋਂ ਆਨਲਾਈਨ ਮੁਹਿੰਮ ਰਾਹੀਂ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੀ ਰਕਮ ਇਕੱਠੀ ਕੀਤੀ ਗਈ ਹੈ ਤਾਂ ਜੋ ਕੇਵਿਨ ਮੁੜ ਤੋਂ ਸਨਮਾਨਪੂਰਵਕ ਆਪਣੀ ਜ਼ਿੰਦਗੀ ਜੀਅ ਸਕਣ।

ਰਿਪੋਰਟਾਂ ਮੁਤਾਬਕ ਮਿਸੌਰੀ ਦੀ ਅਦਾਲਤ ਨੇ ਬੀਤੇ ਹਫਤੇ ਰਿਹਾਈ ਦਾ ਆਦੇਸ਼ ਦਿੱਤਾ। ਅਦਾਲਤ ਨੇ ਦੇਖਿਆ ਕਿ ਕੇਵਿਨ ਸਟਰਿਕਲੈਂਡ ਨੂੰ ਦੋਸ਼ੀ ਠਹਿਰਾਉਣ ਦੇ ਲਈ ਸਬੂਤ ਨਾਕਾਫੀ ਸੀ।

ਕੇਵਿਨ ਨੇ ਜੇਲ੍ਹ ‘ਚੋਂ ਆਜ਼ਾਦ ਹੋਣ ਤੋਂ ਬਾਅਦ ਕਿਹਾ ਕਿ 1978 ‘ਚ ਹੋਏ ਕਤਲ ਦੀਆਂ ਘਟਨਾਵਾਂ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਘਟਨਾ ਦੇ ਸਮੇਂ ਉਹ ਘਰ ‘ਚ ਟੀਵੀ ਦੇਖ ਰਹੇ ਸੀ। ਉੱਥੇ ਹੀ ਗੋਲੀਬਾਰੀ ‘ਚ ਬਚਣ ਵਾਲੀ ਮੁੱਖ ਗਵਾਹ ਨੇ ਕਈ ਸਾਲ ਆਪਣੀ ਗਵਾਹੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਉਸ ਦਾ ਕਹਿਣਾ ਸੀ ਕਿ ਪੁਲਿਸ ਉਸ ‘ਤੇ ਦਬਾਅ ਪਾ ਰਹੀ ਸੀ। ਕੇਵਿਨ ਨੇ ਬਰੀ ਹੋਣ ’ਤੇ ਕਿਹਾ ਕਿ ਉਹ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹਨ।

Share This Article
Leave a Comment