ਕੇਰਲ: 26 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

Global Team
2 Min Read

ਕੰਨੂਰ: ਕੇਰਲ ਵਿੱਚ 26 ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਨਵੰਬਰ 2021 ਤੋਂ ਲੈ ਕੇ ਹੁਣ ਤੱਕ 26 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਕੰਨੂਰ ਦੇ ਇੱਕ ਸਹਾਇਤਾ ਪ੍ਰਾਪਤ ਸਕੂਲ ਦੇ ਇੱਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਆਪਕ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਸੀਨੀਅਰ ਅਧਿਆਪਕ ਨੂੰ 12 ਜਨਵਰੀ ਨੂੰ ਜ਼ਿਲ੍ਹਾ ਚਾਈਲਡਲਾਈਨ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, “ਹਾਲ ਹੀ ਵਿੱਚ ਇੱਕ ਵਿਦਿਆਰਥਣ ਨੇ ਸਕੂਲ ਦੇ ਇੱਕ ਹੋਰ ਅਧਿਆਪਕ ਨੂੰ ਉਸ ਨਾਲ ਛੇੜਛਾੜ ਬਾਰੇ ਦੱਸਿਆ ਸੀ। ਅਧਿਆਪਕ ਨੇ ਤੁਰੰਤ ਚਾਈਲਡਲਾਈਨ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਬਾਅਦ ਵਿੱਚ ਸਾਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸਾਨੂੰ 11 ਜਨਵਰੀ ਨੂੰ ਸ਼ਿਕਾਇਤ ਮਿਲੀ ਸੀ। ਅਧਿਕਾਰੀ ਮੁਤਾਬਕ ਕਾਊਂਸਲਿੰਗ ਤੋਂ ਬਾਅਦ ਹੋਰ ਵਿਦਿਆਰਥਣਾਂ ਨੇ ਅਧਿਆਪਕ ਖਿਲਾਫ ਛੇੜਛਾੜ ਦੀ ਸ਼ਿਕਾਇਤ ਕੀਤੀ।

ਉਸਨੇ ਕਿਹਾ, “ਅਸੀਂ 12 ਜਨਵਰੀ ਨੂੰ ਪੰਜ ਕੇਸ ਦਰਜ ਕੀਤੇ ਅਤੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕੀਤਾ। ਬਾਅਦ ‘ਚ ਸ਼ੁੱਕਰਵਾਰ ਨੂੰ 21 ਹੋਰ ਮਾਮਲੇ ਦਰਜ ਕੀਤੇ ਗਏ। ਅਧਿਕਾਰੀ ਮੁਤਾਬਕ ਇਕ ਅਦਾਲਤ ਨੇ ਅਧਿਆਪਕ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਵਿਦਿਆਰਥਣਾਂ ਨੇ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਛੇੜਛਾੜ ਦੀਆਂ ਕਈ ਘਟਨਾਵਾਂ ਬਾਰੇ ਦੱਸਿਆ ਹੈ, ਜਦੋਂ ਮਹਾਂਮਾਰੀ ਤੋਂ ਬਾਅਦ ਸਕੂਲ ਮੁੜ ਖੁੱਲ੍ਹੇ ਸਨ।

Share This Article
Leave a Comment