ਕੋਚੀ : ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ਇਲਾਕੇ ‘ਚ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 80 ਤੋਂ ਵਧੇਰੇ ਮਜ਼ਦੂਰ ਮਲਬੇ ‘ਚ ਦੱਬੇ ਗਏ ਹਨ। ਕੇਰਲ ਪੁਲਿਸ ਦੇ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਰਜਾਂ ਲਈ ਐਨਡੀਆਰਐਫ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਜੰਗਲਾਤ ਅਧਿਕਾਰੀ ਅਤੇ ਐਮਰਜੈਂਸੀ ਸੇਵਾ ਦੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮੁੱਖ ਮੰਤਰੀ ਦਫਤਰ ਨੇ ਬਚਾਅ ਕਾਰਜਾਂ ਲਈ ਹੈਲੀਕਾਪਟਰ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤੀ ਹਵਾਈ ਸੈਨਾ ਨਾਲ ਸੰਪਰਕ ਕੀਤਾ ਹੈ। ਇਹ ਸੇਵਾ ਜਲਦੀ ਹੀ ਉਪਲਬਧ ਹੋਣ ਦੀ ਉਮੀਦ ਹੈ।
ਰਾਜ ਦੇ ਸਿਹਤ ਮੰਤਰੀ ਕੇ.ਕ ਸੈਲਜਾ ਨੇ ਦੱਸਿਆ ਕਿ ਇਕ ਮੋਬਾਈਲ ਮੈਡੀਕਲ ਟੀਮ ਅਤੇ 15 ਐਂਬੂਲੈਂਸਾਂ ਨੂੰ ਇਡੁੱਕੀ ਭੇਜਿਆ ਗਿਆ ਹੈ। ਲੋੜ ਪੈਣ ‘ਤੇ ਹੋਰ ਮੈਡੀਕਲ ਟੀਮਾਂ ਭੇਜੀਆਂ ਜਾਣਗੀਆਂ। ਹਸਪਤਾਲਾਂ ਨੂੰ ਅਲਰਟ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਕੇਰਲ ਦੇ ਮਾਲ ਮੰਤਰੀ ਈ ਚੰਦਰਸ਼ੇਖਰਨ ਨੇ ਕਿਹਾ ਹੈ ਕਿ ਚਾਰ ਮਜ਼ਦੂਰ ਕੈਂਪਾਂ ਵਿਚ ਲਗਭਗ 82 ਲੋਕ ਰਹਿ ਰਹੇ ਸਨ। ਸਾਨੂੰ ਨਹੀਂ ਪਤਾ ਕਿ ਜ਼ਮੀਨ ਖਿਸਕਣ ਵੇਲੇ ਕਿੰਨੇ ਲੋਕ ਮੌਜੂਦ ਸਨ। ਖਰਾਬ ਮੌਸਮ ਦੇ ਕਾਰਨ, ਫਿਲਹਾਲ ਲੋਕਾਂ ਨੂੰ ਏਅਰਲਿਫਟ ਕਰ ਕੇ ਬਚਾਉਣਾ ਸੰਭਵ ਨਹੀਂ ਹੈ। ਇਡੁੱਕੀ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕੇਰਲ ਦੇ ਤਿੰਨ ਜ਼ਿਲ੍ਹਿਆਂ ਵਿੱਚ 11 ਅਗਸਤ ਤੱਕ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।