ਕੇਜਰੀਵਾਲ ਦੇ ਟਵੀਟ ਨੇ ਖੜ੍ਹਾ ਕੀਤਾ ਬਖੇੜਾ

TeamGlobalPunjab
3 Min Read

ਭਾਰਤੀ ਵਿਦੇਸ਼ ਮੰਤਰਾਲੇ ਨੂੰ ਸਥਿਤੀ ਕਰਨੀ ਪਈ ਸਪਸ਼ਟ

ਨਵੀਂ ਦਿੱਲੀ : ਬੀਤੇ ਰੋਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ‘ਕੋਰੋਨਾ ਦੇ ਸਿੰਗਾਪੁਰ ਵੈਰੀਂਅਟ’ ਬਾਰੇ ਕੀਤੇ ਗਏ ਟਵੀਟ ਨੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਕੇਜਰੀਵਾਲ ਦੇ ਟਵੀਟ ਤੋਂ ਨਾਰਾਜ਼ ਸਿੰਗਾਪੁਰ ਸਰਕਾਰ ਨੇ ਅਰਵਿੰਦਰ ਕੇਜਰੀਵਾਲ ਦੇ ਬਿਆਨ ਨੂੰ ਖਾਰਿਜ ਕਰ ਦਿੱਤਾ ਹੈ । ਇੰਨਾਂ ਹੀ ਨਹੀਂ ਸਿੰਗਾਪੁਰ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਟਵੀਟ ਕਾਰਨ ਭਾਰਤੀ ਹਾਈ ਕਮਿਸ਼ਨ ਨੂੰ ਤਲਬ ਕੀਤਾ ਹੈ। ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਟਵੀਟ ਕਾਰਨ ਸਿੰਗਾਪੁਰ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਹਾਈ ਕਮਿਸ਼ਨ ਨੂੰ ਤਲਬ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਵੀ ਵਧ ਕੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਮਸਲੇ ‘ਤੇ ਸਥਿਤੀ ਸਪਸ਼ਟ ਕਰਨ ਲਈ ਬਿਆਨ ਦੇਣਾ ਪਿਆ।

ਇਸ ਮਸਲੇ ਕਾਰਨ ਭਾਰਤੀ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ”ਕੋਵਿਡ-19 ਖ਼ਿਲਾਫ਼ ਲੜਾਈ ’ਚ ਦੋਵੇਂ ਦੇਸ਼ ਮਜ਼ਬੂਤ ਸਾਂਝੇਦਾਰ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਭਾਰਤ ਦਾ ਬਿਆਨ ਨਹੀਂ ਹੈ।”

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਸਿੰਗਾਪੁਰ ਅਤੇ ਭਾਰਤ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਮਜ਼ਬੂਤ ਭਾਗੀਦਾਰ ਹਨ। ਟਰਾਂਸਪੋਰਟ ਅਤੇ ਆਕਸੀਜਨ ਸਪਲਾਈਕਰਤਾ ਦੇ ਰੂਪ ਵਿਚ ਸਿੰਗਾਪੁਰ ਦੀ ਭੂਮਿਕ ਦੀ ਅਸੀਂ ਸ਼ਲਾਘਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਮਦਦ ਲਈ ਫ਼ੌਜੀ ਜਹਾਜ਼ ਤਾਇਨਾਤ ਕਰਨ ਦਾ ਉਨ੍ਹਾਂ ਦਾ ਭਾਵ ਸਾਡੇ ਅਸਾਧਾਰਨ ਸਬੰਧਾਂ ਨੂੰ ਸਪੱਸ਼ਟ ਕਰਦਾ ਹੈ।

ਵਿਦੇਸ਼ ਮੰਤਰਾਲੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਜਮ ਰੱਖਣ ਦੀ ਨਸੀਹਤ ਦਿੱਤੀ ਗਈ ਹੈ। ਮੰਤਰਾਲੇ ਅਨੁਸਾਰ ਅਜਿਹੇ ਬਿਆਨਾਂ ਕਾਰਨ ਦੋ ਦੇਸ਼ਾਂ ਦਰਮਿਆਨ ਰਿਸ਼ਤੇ ਖ਼ਰਾਬ ਹੋ ਸਕਦੇ ਹਨ।

ਹੁਣ ਜਾਣੋ ਆਖ਼ਰ ਕੇਜਰੀਵਾਲ ਨੇ ਬੀਤੇ ਰੋਜ਼ ਕੀ ਟਵੀਟ ਕੀਤਾ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ ਕਿ ਸਿੰਗਾਪੁਰ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਭਾਰਤ ’ਚ ਸੰਕ੍ਰਮਣ ਦੀ ਤੀਜੀ ਲਹਿਰ ਲਿਆ ਸਕਦਾ ਹੈ। ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਸਿੰਗਾਪੁਰ ਦੀਆਂ ਉਡਾਣਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਇਸ ’ਤੇ ਸਿੰਗਾਪੁਰ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ‘B.1.617.2’ ਵੇਰੀਐਂਟ ਹਾਲ ’ਚ ਆਏ ਕੋਰੋਨਾ ਦੇ ਕਈ ਮਾਮਲਿਆਂ ’ਚ ਪਾਇਆ ਗਿਆ ਹੈ ਤੇ ਇਹ ਭਾਰਤ ਵਿੱਚ ਹੀ ਸਭ ਤੋਂ ਪਹਿਲਾਂ ਮਿਲਿਆ ਸੀ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ‘ ਕੋਈ ਸਿੰਗਾਪੁਰ ਵੇਰੀਐਂਟ ਨਹੀਂ ਹੈ। ਕੋਰੋਨਾ ਦਾ ‘B.1.617.2’ ਸਟ੍ਰੇਨ ਹਾਲੀਆ ਹਫ਼ਤਿਆਂ ’ਚ ਕਈ ਮਾਮਲਿਆਂ ’ਚ ਪਾਇਆ ਗਿਆ ਹੈ ਤੇ ਇਹ ਭਾਰਤ ’ਚ ਹੀ ਸਭ ਤੋਂ ਪਹਿਲਾਂ ਮਿਲਿਆ ਸੀ।

ਇਸ ਸਾਰੇ ਮਸਲੇ ਵਿਚਾਲੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿੰਗਾਪੁਰ ਸਰਕਾਰ ਵੱਲੋਂ ਵੀ 23 ਅਪ੍ਰੈਲ ਤੋਂ ਆਪਣੇ ਦੇਸ਼ ਵਿੱਚ ਭਾਰਤੀ ਯਾਤਰੀਆਂ ਜਾਂ ਭਾਰਤ ਰਾਹੀਂ ਸਿੰਗਾਪੁਰ ਆਉਣ ‘ਤੇ ਪਾਬੰਦੀ ਲਗਾਈ ਗਈ ਸੀ । ਉਸ ਸਮੇਂ ਵੀ ਇਹ ਵਿਵਾਦ ਦਾ ਕਾਰਨ ਬਣਿਆ ਸੀ।

Share This Article
Leave a Comment