Breaking News

ਥਰਮਲ ਪਲਾਂਟ ਬੰਦ ਕਰਨ ਲਈ ਪਟੀਸ਼ਨ ਦਾਇਰ ਕਰਕੇ ਕੇਜਰੀਵਾਲ ਨੇ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਧੋਖਾ : ਅਕਾਲੀ ਦਲ

ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲਾਂ ਐਸ ਵਾਈ ਐਲ ਅਤੇ ਪਰਾਲੀ ਸਾੜਨ ਦੇ ਮੁੱਦੇ ’ਤੇ ਕੀਤੀ ਦੋਗਲੀ ਰਾਜਨੀਤੀ  : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੇ ਖਿਲਾਫ ਕੰਮ ਕਰਦਿਆਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸੂਬੇ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸਨੇ ਆਪ ਦਾ ਪੰਜਾਬੀ ਵਿਰੋਧੀ ਏਜੰਡਾ ਬੇਨਕਾਬ ਕਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਿਜਲੀ ਸੰਕਟ ਨਾਲ ਘਿਰਿਆ ਹੋਇਆ ਹੈ ਜਿਥੇ ਕਿਸਾਨਾਂ, ਉਦਯੋਗਪਤੀਆਂ, ਵਪਾਰੀਆਂ ਤੇ ਆਮ ਆਦਮੀ ਨੂੰ ਬਿਜਲੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਇਸ ਬਿਜਲੀ ਐਮਰਜੰਸੀ ਦੇ ਹਾਲਾਤਾਂ ਵਿਚ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ। ਇਹ ਸਭ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਸਪਸ਼ਟ ਹੈ ਕਿ ਆਪ ਚਾਹੁੰਦੀਹੈ ਕਿ ਪੰਜਾਬ ਵਿਚ ਬਿਜਲੀ ਦੇ ਹਾਲਾਤ ਹੋਰ ਵਿਗੜਲ ਤਾਂ ਜੋ ਉਹ ਸੂਬੇ ਵਿਚ ਆ ਕੇ ਇਸ ਮਾਮਲੇ ’ਤੇ ਰਾਜਨੀਤੀ ਕਰ ਸਕੇ।

ਇਸ ਰਾਜਨੀਤੀ ਨੂੰ ਨਿਖੇਧੀਯੋਗ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਜ਼ਮੀਰ ਜਿਉਂਦੀ ਹੁੰਦੀ ਤਾਂ ਫਿਰ ਉਸਨੇ ਪੰਜਾਬ ਦੇ ਖੇਤੀ ਅਰਥਚਾਰੇ ਨੁੰ ਤਬਾਹ ਕਰਨ ਵਾਲੇ ਤੇ ਦੇਸ਼ ਦੀਆਂ ਅਨਾਜ ਜ਼ਰੂਰਤਾਂ ਨੁੰ ਖਤਰੇ ਵਿਚ ਪਾਉਣ ਵਾਲੇ ਸਟੈਂਡ ਨੁੰ ਅਪਣਾਉਣ ਤੋਂ ਸੌ ਵਾਰੀ ਗੁਰੇਜ਼ ਕਰਨਾ ਸੀ।

 

ਉਹਨਾਂ ਕਿਹਾ ਕਿ ਜੇਕਰ ਪਟੀਸ਼ਨ ਸਫਲ ਹੋ ਜਾਂਦੀ ਤਾਂ ਫਿਰ ਸੂਬੇ ਦੇ ਉਦਯੋਗ ਦਾ ਸਫਾਇਆ ਹੋ ਜਾਂਦਾ ਤੇ ਵਪਾਰ ਵੀ ਜਾਂਦਾ ਰਹਿੰਦਾ। ਉਹਨਾਂ ਕਿਹਾ ਕਿ ਦੂਜੀ ਗੱਲ ਇਹ ਵੀ ਹੈ ਕਿ ਕਿਸੇ ਵੀ ਇਕ ਸੂਬੇ ਨੁੰ ਦੂਜੇ ਖਿਲਾਫ ਡੱਟਣਾ ਸੋਭਾ ਵੀ ਨਹੀਂ ਦਿੰਦਾ ਜਿਸ ਤਰੀਕੇ ਕੇਜਰੀਵਾਲ ਪੰਜਾਬ ਦੇ ਖਿਲਾਫ ਡਟਿਆ ਹੈ।

ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਪੰਜਾਬ ਵਿਰੋਧੀ ਏਜੰਡੇ ’ਤੇ ਚੱਲਿਆ ਹੋਵੇ ਭਾਵੇਂ ਉਸਨੇ ਪੰਜਾਬ ਦੌਰੇ ਵੇਲੇ ਪੰਜਾਬ ਹਮਾਇਤੀ ਮੁਖੌਟਾ ਕਿਉਂ ਨਾ ਪਾ ਕੇ ਰੱਖਿਆ। ਉਹਨਾਂ ਕਿਹਾ ਕਿ ਪਹਿਲਾਂ ਵੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਕੇਜਰੀਵਾਲ ਨੇ ਕਿਹਾ ਸੀ ਕਿ ਨਹਿਰ ਨਹੀਂ ਬਣਨੀ ਚਾਹੀਦੀ ਪਰ ਜਦੋਂ ਦਿੱਲੀ ਗਏ ਤਾਂ ਅਦਾਲਤ ਵਿਚ ਹਲਫੀਆ ਬਿਆਨ ਦੇ ਕੇ ਕਿਹਾ ਕਿ ਦਿੱਲੀ ਤੇ ਪੰਜਾਬ ਦਾ ਵੀ ਐਸ ਵਾਈ ਐਲ ਦੇ ਪਾਣੀ ’ਤੇ ਹੱਕ ਬਣਦਾ ਹੈ ਤੇ ਇਹ ਨਹਿਰ ਬਣਨੀ ਚਾਹੀਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਦਾ ਦੋਗਲਾ ਚੇਹਰਾ ਉਸ ਵੇਲੇ ਵੀ ਬੇਨਕਾਬ ਹੋ ਸੀ ਜਦੋਂ ਉਸਨੇ ਸੂਬੇ ਦੇ ਦੌਰੇ ਵੇਲੇ ਤਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਪਰ ਤੁਰਤੋ ਫੁਰਤੀ ਅਦਾਲਤ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅਜਿਹਾ ਉਸ ਵੇਲੇ ਕੀਤਾ ਜਦੋਂ ਅਧਿਐਨਾਂ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਧਿਆ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਪ ਇਕਾਈ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਗਲਤ ਫੈਸਲਿਆਂ ਨੁੰ ਸਹੀ ਠਹਿਰਾਉਣ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸੂਬੇ ਦੇ ਦੌਰੇ ਦੌਰਾਨ ਕੇਜਰੀਵਾਲ ਨੇ ਲੋਕਾਂ ਨੂੰ ਮੁਰਖ ਬਣਾਉਣ ਦਾ ਯਤਨ ਕੀਤਾ ਤੇ ਕਿਹਾ ਕਿ ਲੋਕਾਂ ਨੁੰ ਹਰ ਬਿਜਲੀ ਸਾਈਕਲ ਵਿਚ 300 ਯੁਨਿਟ ਬਿਜਲੀ ਮੁਫਤ ਮਿਲੇਗੀ ਪਰ ਉਹ ਇਸ ਝੂਠ ’ਤੇ ਤੁਰੰਤ ਹੀ ਫੜਿਅ ਗਿਆ। ਉਹਨਾਂ ਕਿਹਾ ਕਿ ਸੂਬੇ ਦੇ ਆਪ ਦੇ ਕਨਵੀਨਰ ਭਗਵੰਤ ਮਾਨ ਨੇ ਵੀ ਕੇਜਰੀਵਾਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕਿ ਕੇਜਰੀਵਾਲ ਨੇ ਆਪ ਮੰਨਿਆ ਸੀ ਕਿ ਜੇਕਰ 300 ਤੋਂ ਵੱਧ301 ਯੂਨਿਟ ਵੀ ਬਿੱਲ ਆ ਗਿਆ ਤਾਂ ਬਿਜਲੀ ਖਪਤਕਾਰਾਂ ਨੁੰ ਸਾਰਾ ਬਿੱਲ ਭਰਨਾ ਪਵੇਗਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਦਾ ਯਤਨ ਕਰ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਦਿੱਲੀ ਵਿਚ ਬਿਜਲੀ ਪੰਜਾਬ ਨਾਲੋਂ ਵੀ ਮਹਿੰਗੀ ਹੈ।

 ਮਜੀਠੀਆ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਖੇਡ ਰਹੇ ਹਨ ਅਤੇ ਉਹੀ ਤਰਕੀਬਾਂ ਚਲ ਰਹੇ ਹਨ ਜੋ 2017 ਦੀਆਂ ਚੋਣਾਂ ਵੇਲੇ ਦੋਹਾਂ ਨੇ ਖੇਡੀਆਂ ਸਨ। ਉਹਨਾਂ ਕਿਹਾ ਕਿ ਇਸ ਵਾਰ ਲੋਕ ਇਹਨਾਂ ਝਾਂਸਿਆਂ ਵਿਚ ਨਹੀਂ ਆਉਣਗੇ ਕਿਉਂਕਿ ਕਿਸਾਨ ਪਹਿਲਾਂ ਹੀ ਸੜਕਾਂ ’ਤੇ ਹਨ ਤੇ ਖੇਤੀਬਾੜੀ ਲਈ 8 ਘੰਟੇ ਬਿਜਲੀ ਦਾ ਵਾਅਦਾ ਪੂਰਾ ਨਾ ਕਰਨ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾਕਿ ਇਸੇ ਤਰੀਕੇ ਇੰਡਸਟਰੀ ਨੁੰ ਲਾਜ਼ਮੀਬੰਦੀਆਂ ਕਾਰਨ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਹ ਪਾਬੰਦੀਆਂ ਹਰ ਵਾਰ ਵਧਾਈਆਂ ਜਾ ਰਹੀਆਂ ਹਨ।

ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੇ ਜੀਵਨ ਨਿਰਬਾਹ ਨਾਲ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਬਜਾਏ ਲੋਕਾਂ ਨੂੰ ਰਾਹਤ ਦੇਣ ਦੇ ਕਾਂਗਰਸ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਕਿਸਾਨਾਂ, ਉਦਯੋਗਪਤੀਆਂ ਤੇ ਆਮ ਲੋਕਾਂ ’ਤੇ ਬੋਝ ਹੋਰ ਵਧਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੁੰ ਆੜੇ ਹੱਥੀਂ ਲੈਣ ਦੀ ਥਾਂ ਕੇਜਰੀਵਾਲ ਨੇ ਆਪਣੇ 20 ਵਿਚੋਂ 8 ਵਿਧਾਇਕਾਂ ਨੁੰ ਕਾਂਗਰਸ ਵਿਚ ਡੈਪੂਟੇਸ਼ਨ ’ਤੇ ਭੇਜ ਕੇ ਕਾਂਗਰਸ ਨੁੰ ਸਾਹ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਵੀ ਆਪ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਜਿਸ ਕਾਰਨ ਪੰਜਾਬੀਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਤੇ ਕੇਜਰਵਾਲ ਦੋਹਾਂ ਦੇ ਪੰਜਾਬ ਵਿਰੋਧੀ ਚੇਹਰੇ ਨੂੰ ਬੇਨਕਾਬ ਕਰੇਗਾ।

Check Also

ਅੱਜ ਹਰ ਭਾਰਤੀ ਦੀ ਆਵਾਜ਼ – ‘ਮੋਦੀ ਹਟਾਓ, ਦੇਸ਼ ਬਚਾਓ’: ‘ਆਪ’

ਚੰਡੀਗੜ੍ਹ/ਜਲੰਧਰ: ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ …

Leave a Reply

Your email address will not be published. Required fields are marked *