ਅਕਾਲੀ ਦਲ ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼ ‘ਚ ਕੇਜਰਵਾਲ ਵੀ ਕੈਪਟਨ ਨਾਲ ਅਨਿੱਖੜਵਾਂ ਅੰਗ : ਅਕਾਲੀ ਦਲ

TeamGlobalPunjab
4 Min Read

ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਾਗੀ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਬੇਅਦਬੀਆਂ ਦੇ ਮਾਮਲੇ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਿਖੜਵਾਂ ਅੰਗ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਅੀਆ ਨੇ ਕਿਹਾ ਕਿ ਆਪ ਤੇ ਕਾਂਗਰਸ ਪਾਰਟੀ ਨਾਲ ਰਲਗੱਢ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਹਿਲਾਂ ਆਪ ਨਾਲ ਰਲ ਕੇ ਕਾਂਗਰਸ ਨੇ ਦਿੱਲੀ ਵਿਚ ਆਪ ਸਰਕਾਰ ਬਣਵਾਈ ਤੇ ਪੰਜਾਬ ਵਿਚ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ ਫਰੋਖਤ ਚਲਦੀ ਰਹੀ। ਹੁਣ ਆਪ ਤੇ ਕਾਂਗਰਸ ਦੋਵਾਂ ਨੇ ਪੰਜਾਬ ਵਿਚ ਰਲ ਕੇ ਅਕਾਲੀ ਦਲ ਨੁੰ ਦਰਕਿਨਾਰ ਕਰਨ ਦਾ ਯਤਨ ਕੀਤਾ ਹੈ। ਇਸੇ ਲਈ ਅੱਜ ਪੰਜਾਬ ਦੌਰੇ ਵੇਲੇ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਿਆ।

ਇਸ ਘਟਨਾਕ੍ਰਮ ਨੂੰ ਕਾਲਾ ਦਿਨ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਕ ਸਾਬਕਾ ਪੁਲਿਸ ਅਫਸਰ ਜਿਸਨੇ ਕੋਟਕਪੁਰਾ ਫਾਇਰਿੰਗ ਕੇਸ ਦੀ ਪੱਖਪਾਤੀ ਤੇ ਸਿਆਸੀ ਤੌਰ ’ਤੇ ਪ੍ਰੇਰਿਤ ਜਾਂਚ ਕੀਤੀ ਤੇ ਪੁਲਿਸ ਫੋਰਸ ’ਤੇ ਧੱਬਾ ਸਾਬਤ ਹੋਇਆ, ਉਸਨੂੰ ਆਪ ਗੁਰੂ ਨਾਮ ਲੇਵਾ ਸੰਗਤ ਦੱਸ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਕ ਸਹਿ ਸਾਜ਼ਿਸ਼ਕਾਰ ਹੈ ਤੇ ਜ਼ਰੂਰੀ ਹੈ ਕਿ ਉਸਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਉਸਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਸਾਬਕਾ ਪੁਲਿਸ ਅਫਸਰ ਦੀ ਹਿਰਾਸਤੀ ਪੁੱਛ ਗਿੱਛ ਬਹੁਤ ਜ਼ਰੂਰੀ ਹੈ ਤਾਂ ਜੋ ਆਪ ਤੇ ਕਾਂਗਰਸ ਦੀ ਸਾਜ਼ਿਸ਼ ਬੇਨਕਾਬ ਹੋ ਸਕੇ।

ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਸਿਆਸੀ ਤੌਰ ’ਤੇ ਪ੍ਰੇਰਿਤ ਸੀ ਤੇ ਇਹ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਆਪ ਤੇ ਕਾਂਗਰਸ ਦੇ ਆਗੂਆਂ ਨੇ ਰਲ ਕੇ ਕਰਵਾਈ ਸੀ। ਉਹਨਾਂ ਕਿਹਾ ਕਿ ਇਸ ਸਾਜ਼ਿਸ਼ ਦੇ ਕਾਰਨ ਹੀ ਆਪ ਤੇ ਕਾਂਗਰਸ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਉਦੋਂ ਮਦਦ ਕੀਤੀ ਜਦੋਂ ਚੋਣ ਕਮਿਸ਼ਨ, ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀ ਦੇ ਹੋਰ ਸਾਥੀ ਮੈਂਬਰਾਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸਨੂੰ ਦੋਸ਼ੀ ਠਹਿਰਾਇਆ ਸੀ। ਉਹਨਾਂ ਕਿਹਾ ਕਿ ਸਾਬਕਾ ਪੁਲਿਸ ਅਫਸਰ ਨੁੰ ਦੋਸ਼ੀ ਕਰਾਰ ਦਿੰਦਿਆਂ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਅਫਸਰ ਆਪਣੀ ਸਿਆਸੀ ਜ਼ਮਨ ਤਲਾਸ਼ਣ ਲਈ ਸਿਆਸੀ ਡਰਾਮੇਬਾਜ਼ੀ ਕਰ ਰਿਹਾ ਹੈ, ਜੋ ਅੱਜ ਸਾਬਤ ਹੋ ਗਿਆ ਹੈ।

- Advertisement -

 ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਜਰੀਵਾਲ ਪੰਜਾਬ ਨੁੰ ‘ਇਕ ਸਿੱਖ ਚੇਹਰਾ’ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਦੇਣ ਦੀ ਗੱਲ ਕਰ ਰਿਹਾ ਹੈ ਪਰ ਉਸਨੇ ਦਿੱਲੀ ਵਿਚ ਕਿਸੇ ਸਿੱਖ ਚੇਹਰੇ ਨੂੰ ਪੇਸ਼ ਨਹੀਂ ਕੀਤਾ ਭਾਵੇਂ ਕਿ ਉਹ ਤੀਜੀ ਵਾਰ ਸਰਕਾਰ ਬਣਾ ਚੁੱਕਾ ਹੈ।

ਉਹਨਾਂ ਕਿਹਾ ਕਿ ਕੋਈ ਉਮੀਦਵਾਰਾਂ ਲਈ ਉਸ ਪਾਰਟੀ ਤੋਂ ਨਿਆਂ ਦੀ ਆਸ ਕਿਵੇਂ ਕਰ ਸਕਦਾ ਹੈ ਜਿਸਦੇ ਦਿੱਲੀ ਦੇ ਪ੍ਰਤੀਨਿਧਾਂ ਨੇ ਉਮੀਦਵਾਰ ਵੀ ਲੁੱਟੇ ਤੇ ਸੂਬੇ ਦੀਆਂ ਮਹਿਲਾਵਾਂ ਦਾ ਵੀ ਸੋਸ਼ਣ ਕੀਤਾ।

ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਤੇ ਨਾ ਹੀ ਦਿੱਲੀ ਬਾਰਡਰ ’ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਬਾਰੇ ਕੋਈ ਗੱਲ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਪੰਜਾਬੀਆਂ ਦੀ ਕਿੰਨੀ ਪਰਵਾਹ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਬੇਅਦਬੀ ਦੇ ਮਾਮਲੇ ’ਤੇ ਸਾਜ਼ਿਸ਼ ਕਰ ਰਿਹਾਹ ੈ ਤੇ ਪੰਜਾਬੀ ਉਸਨੁੰ ਇਸਦੀ ਸਜ਼ਾ ਦੇਣਗੇ ਤੇ ਉਸਦੀ ਪਾਰਟੀ ਨੂੰ ਚੋਣਾਂ ਵਿਚ ਸਬਕ ਸਿਖਾ ਦੇਣਗੇ ਤੇ ਆਗਿਆਤਵਾਸ ਵਿਚ ਭੇਜਣਗੇ।

Share this Article
Leave a comment