Home / ਓਪੀਨੀਅਨ / ਕੋਰੋਨਾ ਤੋਂ ਆਪ ਬਣਾ ਕੇ ਰੱਖੋ ਦੂਰੀ! ਹੁਣ ਨੇਤਾਵਾਂ ਦੀ ਸਮਝੋ ‘ਮਜ਼ਬੂਰੀ’

ਕੋਰੋਨਾ ਤੋਂ ਆਪ ਬਣਾ ਕੇ ਰੱਖੋ ਦੂਰੀ! ਹੁਣ ਨੇਤਾਵਾਂ ਦੀ ਸਮਝੋ ‘ਮਜ਼ਬੂਰੀ’

-ਜਗਤਾਰ ਸਿੰਘ ਸਿੱਧੂ

ਦੇਸ਼ ਅਨਲੌਕ-1 ਦੇ ਨਵੇਂ ਦੌਰ ‘ਚ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਭਾਰਤ ਅੰਦਰ ਮਰੀਜ਼ਾਂ ਦੀ ਗਿਣਤੀ ਦਾ ਤੇਜ਼ੀ ਨਾਲ ਵਧ ਰਿਹਾ ਅੰਕੜਾ ਚਿੰਤਾ ਦਾ ਵੱਡਾ ਕਾਰਨ ਹੈ। ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਮੁਲਕਾਂ ‘ਚ ਪੰਜਵੇਂ ਸਥਾਨ ‘ਤੇ ਆ ਗਿਆ ਹੈ। ਕੁਝ ਦਿਨ ਪਹਿਲਾਂ ਭਾਰਤ ਦਾ ਕੌਮਾਂਤਰੀ ਪੱਧਰ ‘ਤੇ ਬਿਮਾਰੀ ‘ਚ ਗਿਆਰੵਵਾਂ ਸਥਾਨ ਸੀ। ਐਨੀ ਤੇਜ਼ੀ ਨਾਲ ਮਰੀਜ਼ਾਂ ਦੇ ਅੰਕੜਿਆਂ ‘ਚ ਹੋ ਰਿਹਾ ਵਾਧਾ ਬਹੁਤ ਵੱਡੀ ਚੇਤਾਵਨੀ ਬਣ ਕੇ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨਾਂ ਦੀ ਇੱਕ ਲੜੀ ‘ਚ ਕਿਹਾ ਸੀ ਕਿ ‘ਜਾਨ ਵੀ ਅਤੇ ਜਹਾਨ ਵੀ’। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿੰਦਗੀ ਦੇ ਨਾਲ-ਨਾਲ ਕਾਰੋਬਾਰ ਵੀ ਤੋਰਨਾ ਹੈ। ਕੇਂਦਰ ਸਰਕਾਰ ਵੱਲੋਂ ਸਕੂਲਾਂ, ਜਿੰਮ ਅਤੇ ਹੋਰ ਵੱਡੇ ਇਕੱਠਾ ‘ਤੇ ਪਾਬੰਦੀਆਂ ਨੂੰ ਛੱਡ ਕੇ ਬਹੁਤ ਸਾਰੇ ਖੇਤਰਾਂ ਅੰਦਰ ਪਾਬੰਦੀਆਂ ਹਟਾ ਲਈਆਂ ਗਈਆਂ ਹਨ ਜਾਂ ਸ਼ਰਤਾਂ ਨਾਲ ਛੋਟ ਦਿੱਤੀ ਗਈ ਹੈ। ਮੁੱਖ ਤੌਰ ‘ਤੇ ਆਰਥਿਕ ਖੇਤਰ ਦੀਆਂ ਸਰਗਰਮੀਆਂ ਹਨ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ‘ਚ ਕੁਝ ਸ਼ਰਤਾਂ ਨਾਲ ਜਾਣ ਦੀ ਛੋਟ ਦਿੱਤੀ ਗਈ ਹੈ। ਰਾਜਸੀ ਤੌਰ ‘ਤੇ ਇਨ੍ਹਾਂ ਮੁੱਦਿਆਂ ‘ਤੇ ਵੀ ਮਤਭੇਦ ਹਨ। ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਦਾ ਫੈਸਲਾ ਅਸਫਲ ਰਿਹਾ ਹੈ। ਇਸ ਧਿਰ ਦਾ ਕਹਿਣਾ ਹੈ ਕਿ ਜਦੋਂ ਕੋਰੋਨਾ ਮਹਾਮਾਰੀ ਦਾ ਅਸਰ ਘੱਟ ਸੀ ਤਾਂ ਉਸ ਵੇਲੇ ਅਚਾਨਕ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਅਤੇ ਹੁਣ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਜੇਕਰ ਲੌਕਡਾਊਨ ਨਾ ਹੁੰਦਾ ਤਾਂ ਸਥਿਤੀ ਵਧੇਰੇ ਖਰਾਬ ਹੋਣੀ ਸੀ। ਕੋਰੋਨਾ ਮਹਾਮਾਰੀ ਨਾਲ ਸਥਿਤੀ ਤਾਂ ਹੁਣ ਵੀ ਤੇਜ਼ੀ ਨਾਲ ਵਿਗੜ ਰਹੀ ਹੈ। ਇਸ ਲੌਕਡਾਊਨ ਦੌਰਾਨ ਸਮੇਂ ‘ਚ ਕੀਤੇ ਪ੍ਰਬੰਧਾਂ ਕਾਰਨ ਬਿਮਾਰੀ ਕਾਬੂ ਹੇਠ ਰਹਿੰਦੀ ਤਾਂ ਇਸ ਦੇ ਸਿੱਟਿਆਂ ‘ਤੇ ਸਰਕਾਰ ਨੂੰ ਸ਼ਾਇਦ ਬਹਿਸ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੀ। ਜਿੱਥੋਂ ਤੱਕ ਜਹਾਨ ਦਾ ਸੁਆਲ ਹੈ ਮੁਲਕ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੱਖਾਂ ਲੋਕ ਦੇਸ਼ ਦੇ ਇੱਕ ਹਿੱਸੇ ਤੋਂ ਉੱਠ ਕੇ ਦੂਜੇ ਸੂਬਿਆਂ ‘ਚ ਗਏ ਹਨ। ਉਨ੍ਹਾਂ ਲਈ ਰੋਜ਼ੀ ਰੋਟੀ ਦਾ ਬਹੁਤ ਵੱਡਾ ਸੁਆਲ ਸੀ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਲੱਖਾਂ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕੀਤਾ ਤਾਂ ਜੋ ਆਪਣੇ ਸੂਬਿਆਂ ਵਿੱਚ ਵਾਪਸ ਜਾ ਸਕਣ। ਕਿੰਨੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ ਅਤੇ ਕਿੰਨੇ ਰਸਤੇ ‘ਚ ਦਮ ਤੋੜ ਗਏ। ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਵਿਸ਼ੇਸ਼ ਪੈਕੇਜ਼ ਦਾ ਐਲਾਨ ਵੀ ਕੀਤਾ ਹੈ ਅਤੇ ਅਮਲ ‘ਚ ਲਿਆਉਣ ਦੇ ਦਾਅਵੇ ਵੀ ਕੀਤੇ ਹਨ ਪਰ ਇਸ ਦੇ ਬਾਵਜੂਦ ਦੇਸ਼ ਦੀ ਗਰੀਬੀ ਅਤੇ ਗਰੀਬ ਦੀ ਹਾਲਤ ਬੇਵਸੀ ਦੀ ਮੂੰਹ ਬੋਲਦੀ ਤਸਵੀਰ ਹੈ। ਦੇਸ਼ ਦੇ ਆਰਥਿਕ ਢਾਂਚੇ ਨੂੰ ਪੈਰਾਂ ਸਿਰ ਲਿਆਉਣ ਲਈ ਸਨਅਤਕਾਰਾਂ ਲਈ ਵੀ ਪੈਕੇਜ਼ ਦਿੱਤੇ ਗਏ। ਇਸ ਦੇ ਬਾਵਜੂਦ ਆਰਥਿਕ ਢਾਂਚੇ ਦੀ ਜ਼ਿੰਦਗੀ ਦੀ ਧੜਕਣ ਕਿੰਨੀ ਕੁ ਤੇਜ਼ ਹੋਵੇਗੀ, ਅਜੇ ਕਹਿਣਾ ਵੀ ਮੁਸ਼ਕਲ ਹੈ। ਦੇਸ਼ ਦੇ ਆਰਥਿਕ ਢਾਂਚੇ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਅਤੇ ਇਸ ਨੂੰ ਸੰਭਲਣ ਵਿੱਚ ਅਜੇ ਸਮਾਂ ਲੱਗੇਗਾ। ਮੋਦੀ ਸਰਕਾਰ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਕੋਰੋਨਾ ਵਾਇਰਸ ਵਰਗੇ ਮੁੱਦੇ ‘ਤੇ ਰਾਜਨੀਤੀ ਕਰ ਰਹੀ ਹੈ ਅਤੇ ਭਾਰਤ ਦੇ ਇੱਕ ਵਿਸ਼ਵ ਸ਼ਕਤੀ ਬਣ ਕੇ ਉੱਭਰਨ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਕੋਰੋਨਾ ਦੌਰਾਨ ਕੌਣ ਰਾਜਨੀਤੀ ਕਰ ਰਿਹਾ ਹੈ? ਆਮ ਆਦਮੀ ਲਈ ਸਮਝਣਾ ਬੜਾ ਮੁਸ਼ਕਲ ਬਣ ਗਿਆ ਹੈ? ਦੇਸ਼ ਅੰਦਰ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਸਥਿਤੀ ਦੇ ਟਾਕਰੇ ਲਈ ਉਨ੍ਹਾਂ ਦੀ ਮਦਦ ਨਹੀਂ ਕੀਤੀ। ਪੰਜਾਬ ਦੀ ਮਿਸਾਲ ਹੀ ਲੈ ਲਓ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਦੋਸ਼ ਹੈ ਕਿ ਮੋਦੀ ਸਰਕਾਰ ਦੇਸ਼ ਦੇ ਫੈਡਰਲ ਢਾਂਚੇ ਨੂੰ ਤੋੜ ਰਹੀ ਹੈ। ਦੂਜੇ ਪਾਸੇ ਕੇਂਦਰ ਵਿੱਚ ਭਾਈਵਾਲ ਅਕਾਲੀ ਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਕੇਂਦਰ ਵੱਲੋਂ ਆਏ ਰਾਸ਼ਨ ‘ਤੇ ਵੀ ਰਾਜਨੀਤੀ ਕੀਤੀ ਹੈ?

ਕੋਰੋਨਾ ਮਹਾਮਾਰੀ ਦੇ ਵੱਡੇ ਸੰਕਟ ‘ਚ ਕੇਂਦਰ ਅਤੇ ਰਾਜ ਸਰਕਾਰਾਂ ਇੱਕ ਦੂਜੇ ਵਿਰੁੱਧ ਪੱਲਾ ਝਾੜ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੀਆਂ ਪਰ ਆਮ ਆਦਮੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ। ਉਸ ਨੂੰ ਆਏ ਦਿਨ ਮਰੀਜ਼ਾਂ ਦੇ ਵੱਧ ਰਹੇ ਅੰਕੜਿਆਂ ਦੀ ਗਿਣਤੀ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਲਈ ਖਤਰਾ ਬਣ ਕੇ ਸਾਹਮਣੇ ਖੜ੍ਹੀ ਹੈ। ਸਾਰੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸ ਰਹੇ ਹਨ। ਕੇਂਦਰ ਵੱਲੋਂ ਆਤਮ ਨਿਰਭਰ ਹੋਣ ਦਾ ਦਾਅਵਾ ਦੇਖਣ ਨੂੰ ਚੰਗਾ ਲੱਗਦਾ ਹੈ ਪਰ ਸਰਕਾਰਾਂ ਦੇ ਫੈਸਲੇ ਅਤੇ ਨੀਤੀਆਂ ਹੀ ਆਤਮ ਨਿਰਭਰ ਹੋਣ ਦਾ ਮਾਰਗ ਤੈਅ ਕਰਨਗੀਆਂ। ਆਮ ਆਦਮੀ ਇੰਨਾ ਜ਼ਰੂਰ ਕਰ ਸਕਦਾ ਹੈ ਕਿ ਮਾਸਕ ਪਹਿਲਣਾ ਜ਼ਰੂਰੀ ਹੈ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਦਿੱਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਅਨਲੌਕ ਵਾਲੀ ਸਟੇਜ਼ ਵਿੱਚ ਜ਼ਿੰਦਗੀ ਦੀ ਦੌੜ ਤੇਜ਼ ਹੋਣੀ ਸੁਭਾਵਿਕ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੰਮੀ ਦੌੜ ਵਾਸਤੇ ਠਹਿਰਾ ਅਤੇ ਸੰਜਮ ਜ਼ਰੂਰੀ ਹੈ। ਇਸ ਸਭ ਕਾਸੇ ਦੇ ਪਿੱਛੇ ਤੁਹਾਡਾ ਪਰਿਵਾਰ ਬੈਠਾ ਹੈ ਜਿਸ ਦੀ ਖਾਤਰ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ‘ਤੇ ਘਰ ਤੋਂ ਇੱਕ ਕਦਮ ਬਾਹਰ ਰੱਖਣ ਨੂੰ ਵੀ ਖਤਰਨਾਕ ਮੰਨਿਆ ਸੀ। ਇਸ ਦੇਸ਼ ਦੀਆਂ ਰਾਜਸੀ ਧਿਰਾਂ ਤਾਂ ਆਮ ਆਦਮੀ ਦੀ ਮੌਤ ‘ਤੇ ਵੀ ਰਾਜਨੀਤੀ ਕਰ ਲੈਂਦੀਆਂ ਹਨ ਪਰ ਪਰਿਵਾਰ ਨੂੰ ਰਾਜਨੀਤੀ ਦੀ ਨਹੀਂ, ਤੁਹਾਡੀ ਲੋੜ ਹੈ।

ਸੰਪਰਕ : 98140-02186

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *