ਲੋਕਾਂ ਦੀ ਰਾਖੀ ਕਰਨ ਵਾਲੀ ਇਸ ਮਹਿਲਾ ਅਫਸਰ ਨੇ ਕਿਉਂ ਦੇ ਦਿੱਤਾ ਅਸਤੀਫਾ

TeamGlobalPunjab
4 Min Read

ਮਹਿਲਾ ਮੁਲਾਜ਼ਮਾਂ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਲਗਾਤਾਰ ਵਧ ਰਹੇ ਹਨ। ਦੇਸ਼ ਵਿੱਚ ਇਸ ਖਿਲਾਫ ਸਖ਼ਤ ਕਾਨੂੰਨ ਬਣਨ ਦੇ ਬਾਵਜੂਦ ਇਹਨਾਂ ਦੇ ਰੁਕਣ ‘ਚ ਬਹੁਤੀ ਠੱਲ੍ਹ ਨਹੀਂ ਪਈ। ਵੱਖ ਵੱਖ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਨੂੰ ਆਪਣੇ ਨਾਲ ਡਿਊਟੀ ਕਰਦੇ ਮਰਦ ਕਰਮਚਾਰੀਆਂ ਤੋਂ ਵੀ ਕਈ ਵਾਰ ਡਰ ਲੱਗਦਾ ਹੈ। ਫੌਜ, ਪੁਲਿਸ ਅਤੇ ਹੋਰ ਨੀਮ ਫੌਜੀ ਬਲਾਂ ਵਿਚ ਕੰਮ ਕਰਦੀਆਂ ਮਹਿਲਾ ਅਫਸਰਾਂ ਤੇ ਮੁਲਾਜ਼ਮਾਂ ਨੂੰ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਇੰਡੋ-ਤਿਬਤੀਅਨ ਬਾਰਡਰ ਪੁਲਿਸ ਫੋਰਸ ਵਿੱਚ ਡਿਪਟੀ ਕਮਾਂਡੈਂਟ- ਡਿਪਟੀ ਜੱਜ ਅਟਾਰਨੀ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੀ ਕਰੁਨਾਜੀਤ ਕੌਰ ਦੀ ਹੈ, ਜਿਸ ਨੇ ਫੋਰਸ ਦੇ ਅਧਿਕਾਰੀਆਂ ‘ਤੇ ਸਾਜ਼ਿਸ਼ ਦੇ ਦੋਸ਼ ਵੀ ਲਗਾਏ ਹਨ।

ਕਰੁਨਾਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਪੰਜ ਸਾਲ ਫੋਰਸ ਵਿਚ ਤਾਇਨਾਤ ਰਹਿਣ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ ਅਤੇ 17 ਅਕਤੂਬਰ ਨੂੰ ਰਿਲੀਵ ਹੋਈ ਹੈ। ਉਹ ਆਈਟੀਬੀਪੀ ਨਾਰਥ-ਵੈਸਟ ਫਰੰਟੀਅਰ ਚੰਡੀਗੜ੍ਹ ਵਿੱਚ ਤਾਇਨਾਤ ਸੀ। ਇੱਕ ਮਹੀਨੇ ਲਈ ਉਸ ਨੂੰ ਉਤਰਾਖੰਡ ਦੇ ਗੌਚਰ (ਜੋਸ਼ੀਮੱਠ) ਵਿੱਚ 8ਵੀਂ ਬਟਾਲੀਅਨ ਵਿਚ ਭੇਜਿਆ ਗਿਆ ਸੀ।

ਉਸ ਨੇ ਦੱਸਿਆ ਇੱਥੋਂ ਉਸ ਨੂੰ 8ਵੀਂ ਬਟਾਲੀਅਨ ਦੀਆਂ ਫਾਰਵਰਡ ਪੋਸਟਾਂ ‘ਤੇ ਵੀ ਭੇਜਿਆ ਜਾਂਦਾ ਸੀ। ਮਲਾਰੀ ਪੋਸਟ ਸੀ ‘ਤੇ 9-10 ਜੂਨ ਦੀ ਰਾਤ ਨੂੰ ਬਟਾਲੀਅਨ ਦੇ ਸਿਪਾਹੀ ਦੀਪਕ ਨਸ਼ੇ ਵਿਚ ਚੂਰ ਸੀ। ਪੀੜਤਾ ਅਨੁਸਾਰ ਦੀਪਕ ਉਸ ਨੂੰ ਅਲਾਟ ਕੀਤੀ ਹੱਟ ਵਿੱਚ ਬਲਾਤਕਾਰ ਕਰਨ ਦੇ ਇਰਾਦੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਹ ਹੱਟ ਦੇ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਸਫਲਤਾ ਨਾ ਮਿਲੀ। ਪੀੜਤਾ ਅਨੁਸਾਰ ਘਟਨਾ ਤੋਂ ਬਾਅਦ ਨਾ ਬਟਾਲੀਅਨ ਦੇ ਕਮਾਂਡੈਟ ਨੇ ਅਤੇ ਨਾ ਹੀ ਫੋਰਸ ਦੇ ਹੋਰ ਉੱਚ ਅਧਿਕਾਰੀਆਂ ਨੇ ਕੋਈ ਠੋਸ ਕਾਰਵਾਈ ਕੀਤੀ।

ਉਸ ਨੇ ਜੋਸ਼ੀਮੱਠ ਪੁਲਿਸ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ ਸੀ। ਜੋਸ਼ੀਮੱਠ ਦੀ ਅਦਾਲਤ ਵਿੱਚ ਕੇਸ ਦੀਆਂ ਤਰੀਕਾਂ ਪੈ ਰਹੀਆਂ ਹਨ।

ਕਰੁਨਾਜੀਤ ਨੇ ਚੰਡੀਗੜ੍ਹ ਵਾਪਸ ਆ ਕੇ ਫੋਰਸ ਦੇ ਡਾਇਰੈਕਟਰ ਜਨਰਲ ਨਾਲ ਇਸ ਸੰਬੰਧੀ ਮੀਟਿੰਗ ਕਰਨੀ ਚਾਹੀ ਪਰ ਉਸ ਮੀਟਿੰਗ ਵਿੱਚ ਡੀਆਈਜੀ (ਜੱਜ ਅਟਾਰਨੀ ਜਨਰਲ) ਮੌਜੂਦ ਰਹੇ ਜੋ ਕਿ ਕਰੁਨਾਜੀਤ ਮੁਤਾਬਕ ਪਹਿਲਾਂ ਹੀ ਉਸ ਨੂੰ ਧਮਕੀਆਂ ਦੇ ਚੁੱਕੇ ਹਨ।

ਕਿਉਂ ਮਿਲੀ ਧਮਕੀ

ਕਰੁਨਾਜੀਤ ਨੇ ਦੱਸਿਆ ਕਿ ਉਸ ਦਾ ਕੰਮ ਫੋਰਸ ਦੇ ਕਾਨੂੰਨੀ ਕੇਸਾਂ ਵਿੱਚ ਸਲਾਹ ਦੇਣਾ ਸੀ ਪਰ ਉਹਨਾਂ ਦੇ ਉੱਚ ਅਫ਼ਸਰਾਂ ਨੂੰ ਕਾਨੂੰਨ ਮੁਤਾਬਕ ਦਿੱਤੀ ਸਲਾਹ ਰਾਸ ਨਹੀਂ ਸੀ ਆਉਂਦੀ। ਫੈਸਲੇ ਬਦਲਣ ਲਈ ਦਬਾਅ ਪਾਇਆ ਜਾਂਦਾ ਸੀ।
ਕਰੁਨਾਜੀਤ ਨੇ ਦੋਸ਼ ਲਾਇਆ ਕਿ ਇਸੇ ਵਜ੍ਹਾ ਕਰਕੇ ਡੀਆਈਜੀ (ਜੱਜ ਅਟਾਰਨੀ ਜਨਰਲ) ਨੇ ਉਸ ਨੂੰ ਧਮਕੀ ਵੀ ਦਿੱਤੀ ਸੀ। ਅਟੈਚਮੈਂਟ ‘ਤੇ ਭੇਜਣ ਤੋਂ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਨਾਲ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮਲਾਰੀ ਪੋਸਟ ਵਾਲੀ ਘਟਨਾ ਵੀ ਇਸੇ ਸਾਜਿਸ਼ ਦਾ ਹਿੱਸਾ ਲੱਗਦਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਕਰੁਨਾਜੀਤ ਨੇ ਦੱਸਿਆ ਕਿ ਫੋਰਸ ਵਿੱਚ ਰਹਿ ਕੇ ਅਨੁਸ਼ਾਸਨ ਵਿੱਚ ਰਹਿਣਾ ਪੈਣਾ ਸੀ ਤੇ ਇੱਥੋਂ ਦੀ ਹਰ ਸੱਚਾਈ ਬਾਹਰ ਲਿਆਉਣ ਲਈ ਅਸਤੀਫ਼ਾ ਦੇ ਕੇ ਲੜਾਈ ਲੜਣ ਦਾ ਫੈਸਲਾ ਕੀਤਾ ਹੈ।

ਕਰੁਨਾਜੀਤ ਕੌਰ ਨੇ ਮੰਗ ਕੀਤੀ ਹੈ ਕਿ ਆਈਟੀਬੀਪੀ ਤੋਂ ਬਾਹਰਲੀ ਕਿਸੇ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਫੋਰਸ ਵਿੱਚ ਹੋਰ ਪ੍ਰੇਸ਼ਾਨ ਔਰਤਾਂ ਦੇ ਮਸਲੇ ਹੱਲ ਹੋਣ। ਉਧਰ ਆਈਟੀਬੀਪੀ ਦੇ ਪੀਆਰਓ ਵਿਵੇਕ ਪਾਂਡੇ ਨੇ ਦੱਸਿਆ ਕਿ ਸਿਪਾਹੀ ਦੀਪਕ ਨੂੰ ਮੁਅੱਤਲ ਕਰਕੇ 8ਵੀਂ ਬਟਾਲੀਅਨ ਤੋਂ 1 ਬਟਾਲੀਅਨ ਵਿੱਚ ਭੇਜ ਦਿੱਤਾ ਗਿਆ ਸੀ। ਸ਼੍ਰੀ ਪਾਂਡੇ ਨੇ ਇਹ ਵੀ ਦੱਸਿਆ ਕਿ ਅਫ਼ਸਰਾਂ ‘ਤੇ ਲਗਾਏ ਦੋਸ਼ ਬੇਬੁਨਿਆਦ ਹਨ, ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment