ਕਰਤਾਰਪੁਰ ਲਾਂਘੇ ਸਬੰਧੀ ਬਿਆਨ ਵਿਚ ਕੋਈ ਧਾਰਮਿਕ ਉਦੇਸ਼ ਨਹੀਂ : ਡੀਜੀਪੀ ਗੁਪਤਾ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਨੇ 20 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਵਿਚਾਰ-ਵਟਾਂਦਰਾ ਸਮਾਰੋਹ ਦੌਰਾਨ ਉਨ੍ਹਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਸਮਝੇ ਜਾਣ ਜਾਂ ਜਾਣ ਬੁੱਝ ਕੇ ਗ਼ਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ।

ਇਥੇ ਜਾਰੀ ਇਕ ਬਿਆਨ ਵਿੱਚ ਸ੍ਰੀ ਗੁਪਤਾ ਨੇ ਕਿਹਾ ਕਿ “ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ‘ਤੇ ਬਹੁਤ ਖੁਸ਼ ਹੋਇਆ ਜਿਸ ਨੇ ਮੇਰੇ ਵਰਗੇ ਉਨਾਂ ਲੱਖਾਂ ਸ਼ਰਧਾਲੂਆਂ ਦੀਆਂ ਦਹਾਕਿਆਂ ਪੁਰਾਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ ਜੋ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ, ਜਿਸ ਵਿਚ ਵੰਡ ਪਿਛੋਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਧਾਰਮਿਕ ਅਸਥਾਨਾਂ ਦੇ ‘ਖੁਲ੍ਹੇ ਦਰਸ਼ਨ-ਦੀਦਾਰ’ ਮੰਗੇ ਜਾਂਦੇ ਸਨ, ਦੀ ਪੂਰਤੀ ਹੋਈ ਹੈ। ਇਹ ਹੋਰ ਵੀ ਖੁਸ਼ੀ ਦੀ ਗੱਲ ਸੀ ਕਿ ਇਹ ਸੁਭਾਗਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਹਾਸਲ ਹੋਇਆ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਇਸ ਦੀਆਂ ਸਾਰੀਆਂ ਏਜੰਸੀਆਂ, ਜਿਨ੍ਹਾਂ ਵਿੱਚ ਪੰਜਾਬ ਪੁਲਿਸ ਸ਼ਾਮਲ ਹੈ, ਨੇ ਇਤਿਹਾਸਕ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਬੜੀ ਸ਼ਰਧਾ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਉਨਾਂ ਕਿਹਾ ਕਿ “ਸੂਬੇ ਦਾ ਡੀ.ਜੀ.ਪੀ ਹੋਣ ਦੇ ਨਾਤੇ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਨਿਰਵਿਘਨ ਪਹੁੰਚ ਦੀ ਸਹੂਲਤ ਸਬੰਧੀ ਕੰਮ ਕਰਨਾ ਜਾਰੀ ਰੱਖਾਂਗੇ।

ਗੁਪਤਾ ਨੇ ਇਹ ਵੀ ਕਿਹਾ ਕਿ ਰਾਜ ਦੇ ਡੀਜੀਪੀ ਵਜੋਂ ਉਨਾਂ ਸੂਬਾ ਪੁਲਿਸ ਨੂੰ, ਜੋ ਕਿ ਸਰਹੱਦ ਪਾਰੋਂ ਫੰਡ ਅਤੇ ਸਹਾਇਤਾ ਪ੍ਰਾਪਤ ਹਿੰਸਕ ਅੱਤਵਾਦ ਵਿਰੁੱਧ ਲਗਾਤਾਰ ਲੜਾਈ ਦਾ ਸਾਹਮਣਾ ਕਰ ਰਹੀ ਹੈ, ਨੂੰ ਚੌਕਸ ਰਹਿਣ ਦੀ ਜਰੂਰਤ ਹੈ। ਉਨ੍ਹਾਂ ਕਿਹਾ, ”ਮੈਂ ਸਿਰਫ ਭਾਰਤ ਪ੍ਰਤੀ ਦੁਸ਼ਮਣੀ ਰੱਖਦੇ ਬਦਨਾਮ ਅਨਸਰਾਂ ਅਤੇ ਹਰ ਮੌਕੇ ਦਾ, ਇਥੋਂ ਤੱਕ ਕਿ ਸਭ ਤੋਂ ਪਵਿੱਤਰ ਸਥਾਨਾਂ ਦਾ ਵੀ ਨਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਚੌਕਸ ਰਹਿਣ ਲਈ ਕਿਹਾ ਹੈ ਜੋ ਕਿ ਦੇਸ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਤੱਤਪਰ ਰਹਿੰਦੇ ਹਨ।

- Advertisement -

ਦਿਨਕਰ ਗੁਪਤਾ ਨੇ ਅੱਗੇ ਕਿਹਾ ਕਿ ਇੰਡੀਅਨ ਐਕਸਪ੍ਰੈਸ ਦੇ ਸਮਾਰੋਹ ਵਿਚ ਉਨ੍ਹਾਂ ਦੀਆਂ ਟਿੱਪਣੀਆਂ ਸਿਰਫ਼ ਪੰਜਾਬ ਅਤੇ ਭਾਰਤ ਦੀ ਸੁਰੱਖਿਆ ਅਤੇ ਰੱਖਿਆ ਨਾਲ ਸਬੰਧਤ ਸਨ। ਇਨਾਂ ਟਿੱਪਣੀਆਂ ਵਿੱਚ ਕਿਸੇ ਧਰਮ ਜਾਂ ਫਿਰਕੇ ਦਾ ਬਿਲਕੁਲ ਕੋਈ ਸੰਕੇਤ ਨਹੀਂ ਸੀ ਪਰ ਬੱਸ ਇਹ ਸੀ ਕਿ ਗੁਆਂਢੀ ਦੁਸਮਣ ਦੇਸ਼ ਵਿਚ ਸਥਿਤ ਕੁਝ ਦੇਸ਼ ਵਿਰੋਧੀ ਤੱਤ ਇਸ ਅਵਸਰ ਦੀ ਦੁਰਵਰਤੋਂ ਕਰ ਸਕਦੇ ਹਨ ਅਤੇ ਇਸ ਲਈ ਸਾਨੂੰ ਦੇਸ਼ ਦੇ ਹਿੱਤ ਵਿਚ ਅਜਿਹੇ ਸੰਭਾਵਿਤ ਖਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਰਾਜ ਦੇ ਲੋਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਦਾ ਮੁੱਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਾਡੇ ਗੁਆਂਢੀ ਦੁਸ਼ਮਣ ਦੁਆਰਾ ਦਹਿਸ਼ਤਗਰਦੀ ਨੂੰ ਵਧਾਉਣ ਵਾਲੇ ਅੱਤਵਾਦ ਕਾਰਨ ਪਹਿਲਾਂ ਹੀ ਬਹੁਤ ਕੁਝ ਨੁਕਸਾਨ ਸਹਿਣਾ ਪਿਆ ਹੈ।

ਡੀਜੀਪੀ ਨੇ ਕਿਹਾ ਕਿ ਉਹ ਖੁਦ ਨਵੰਬਰ 2019 ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਪਹਿਲੇ ਯਾਤਰੀ ਜਥੇ ਮੌਕੇ ਉਥੇ ਸਨ ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸਰਹੱਦ ਪਾਰ ਕੀਤੀ ਸੀ। ਉਨਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ 51,000 ਤੋਂ ਵੱਧ ਸ਼ਰਧਾਲੂਆਂ ਦੀ ਸਹਾਇਤਾ ਕੀਤੀ ਹੈ ਅਤੇ ਅੱਗੋਂ ਵੀ ਅਸੀਂ ਇਸ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ।

Share this Article
Leave a comment