ਡੇਰਾ ਬਾਬਾ ਨਾਨਕ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਕੌਰੀਡੋਰ ਰਾਹੀਂ 250 ਸ਼ਰਧਾਲੂਆਂ ਦਾ ਜਥਾ ਜਾਵੇਗਾ।
ਇਸ ਜੱਥੇ ’ਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਵੀ ਜਾ ਰਹੇ ਹਨ। ਕਰਤਾਰਪੁਰ ਸਾਹਿਬ ਲਾਂਘਾ ਦੇ ਦਰਸ਼ਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡੇ ਕਾਫਲੇ ਨਾਲ ਪਹੁੰਚ ਗਏ ਹਨ, ਜਿਥੋਂ ਉਹ ਥੋੜੀ ਦੇਰ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਜਾਣਗੇ।
ਮੁੱਖ ਮੰਤਰੀ ਚੰਨੀ ਦੇ ਨਾਲ ਕਰਤਾਰਪੁਰ ਸਾਹਿਬ ਵਿਖੇ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਵਿਜੇ ਇੰਦਰ ਸਿੰਗਲਾ, ਮਹਿੰਦਰ ਸਿੰਘ ਕੇ.ਪੀ. ਸਣੇ ਕਈ ਕੈਬਨਿਟ ਮੰਤਰੀ ਜਾ ਰਹੇ ਹਨ, ਜੋ ਡੇਰਾ ਬਾਬਾ ਨਾਨਕ ਪਹੁੰਚ ਚੁੱਕੇ ਹਨ।
ਪਿਛਲੇ ਵਰ੍ਹੇ 16 ਮਾਰਚ ਨੂੰ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧਦੇ ਖ਼ਤਰੇ ਨੂੰ ਵੇਖਦਿਆਂ ਭਾਰਤ ਅਤੇ ਪਾਕਿਸਤਾਨ ਵਲੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਨੂੰ ਅੱਜ ਲਗਭਗ 20 ਮਹੀਨਿਆਂ ਬਾਅਦ ਭਾਰਤ ਤਰਫ਼ੋਂ ਖੋਲ੍ਹ ਦਿੱਤਾ ਗਿਆ।
ਦੱਸ ਦੱਇਅੇ ਕਿ ਭਾਰਤ ਤੋਂ 28 ਸਿੱਖਾਂ ਦਾ ਪਹਿਲਾਂ ਜੱਥਾ ਬੁੱਧਵਾਰ ਨੂੰ ਵੀਜ਼ਾ-ਮੁਕਤ ਲਾਂਘੇ ਦਾ ਇਸਤੇਮਾਲ ਕਰਕੇ ਪਾਕਿਸਤਾਨ ਵਿਚ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ।
ਇਸ ਤੋਂ ਪਹਿਲਾਂ ਮਾਰਚ 2020 ਵਿਚ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੀਰਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 2500 ਤੋਂ ਜ਼ਿਆਦਾ ਭਾਰਤੀ ਸਿੱਖ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ।
ਇਹ ਸਾਰੇ ਸ਼ਰਧਾਲੂ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ’ਤੇ ਆਯੋਜਿਤ ਸਾਲਾਨਾ ਪ੍ਰੋਗਰਾਮ ਵਿਚ ਹਿੱਸਾ ਲੈਣਗੇ।