ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ‘ਤੇ ਚਿੰਤਾ ਜਤਾਉਂਦਿਆ ਕਿਹਾ ਕਿ ਇਹ ਲਾਂਘਾ ਸੁਰੱਖਿਆ ਨਜ਼ਰੀਏ ਨਾਲ ਸੁਰੱਖਿਆ ਬਲਾਂ ਲਈ ਕਾਫ਼ੀ ਵੱਡੀ ਚੁਣੋਤੀ ਸਾਬਤ ਹੋਵੇਗੀ। ਇੰਡਿਅਨ ਐਕਸਪ੍ਰੈਸ ਦੇ ਇੱਕ ਖਾਸ ਪ੍ਰੋਗਰਾਮ ਵਿੱਚ ਬੋਲਦਿਆਂ ਡੀਜੀਪੀ ਗੁਪਤਾ ਨੇ ਕਿਹਾ ਕਿ ਸਿੱਖ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਵੀਜ਼ਾ ਫਰੀ ਕਾਰਿਡੋਰ ਨੂੰ ਲੰਬੇ ਸਮੇਂ ਤੱਕ ਬੰਦ ਰੱਖਣ ਦੇ ਪਿੱਛੇ ਸੁਰੱਖਿਆ ਵਿਵਸਥਾ ਦਾ ਕਾਰਨ ਸੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵੇਰੇ ਨੂੰ ਕਰਾਤਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦਾ ਹੈ ਤਾਂ ਉਹ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਉੱਥੇ ਜਾਂਦਾ ਹੈ ਤਾਂ ਛੇ ਘੰਟੇ ਰੁਕਦਾ ਹੈ ਅਤੇ ਇਹ ਸਮਾਂ ਕਾਫੀ ਹੈ ਕਿਸੇ ਨੂੰ ਵੀ ਫਾਇਰਿੰਗ ਰੇਂਜ ਅਤੇ ਆਈ.ਈ.ਡੀ. ਸਿਖਾਉਣ ਦੇ ਲਈ।
ਗੁਪਤਾ ਦੇ ਮੁਤਾਬਕ, ‘ਉੱਥੇ ਜਾਣ ਵਾਲੇ ਲੋਕਾਂ ਨੂੰ ਕੱਟਰਪੰਥੀ ਰੁਝੇਵਿਆਂ ਵੱਲ ਧੱਕਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਪਾਕਿਸਤਾਨ ਲੰਬੇ ਸਮੇਂ ਤੋਂ ਸਿੱਖਾਂ ਦਾ ਦਿਲ ਜਿੱਤ ਕੇ ਉਨ੍ਹਾਂ ਨੂੰ ਕੱਟੜਪੰਥ ਦੇ ਵੱਲ ਧੱਕਣ ਦੀ ਰਣਨੀਤੀ ‘ਤੇ ਕੰਮ ਕਰਦਾ ਰਿਹਾ ਹੈ।’
ਅੱਗੇ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ, ਇਸ ਲਈ ਬੀਤੇ ਸਾਲਾਂ ਵਿੱਚ ਇਸ ਨੂੰ ਨਹੀਂ ਖੋਲਿਆ ਗਿਆ ਸੀ। ਮੈਂ ਅੱਠ ਸਾਲ ਤੱਕ ਇੰਟੈਲੀਜੈਂਸ ਬਿਊਰੋ ਵਿੱਚ ਸੀ। ਮੈਂ ਇਨ੍ਹਾਂ ਸਭ ਚੀਜਾਂ ਨਾਲ ਡੀਲ ਕਰਦਾ ਸੀ ਹੁਣ ਲੱਗਦਾ ਹੈ ਕਿ ਇਹ ਲਾਂਘਾ ਸੁਰੱਖਿਆ ਦੇ ਨਜ਼ਰੀਏ ਨਾਲ ਬਹੁਤ ਚੁਣੋਤੀ ਭਰਪੂਰ ਰਹਿਣ ਵਾਲਾ ਹੈ। ਪਰ ਦੇਸ਼ੀ-ਵਿਦੇਸ਼ੀ ਲੋਕ ਕੋਰੀਡੋਰ ਖੁੱਲਵਾਉਣਾ ਚਾਹੁੰਦੇ ਸਨ। ਉਹ ਇਸ ਸਪਨੇ ਨੂੰ ਸੱਚ ਹੁੰਦਾ ਵੇਖਣਾ ਚਾਹੁੰਦੇ ਸਨ। ਇਸ ਲਈ ਸੁਰੱਖਿਆ ਕਾਰਨਾਂ ਨੂੰ ਪਿੱਛੇ ਰੱਖਿਆ ਗਿਆ ਤੇ ਅਸੀਂ ਵੀ ਆਪਣੀ ਸਹਿਮਤੀ ਦੇ ਦਿੱਤੀ।
- Advertisement -
ਡੀ.ਜੀ.ਪੀ. ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਇਸ ਬਿਆਨ ‘ਤੇ ਵਿਵਾਦ ਛਿੜ ਗਿਆ ਹੈ। ਜਿਸ ਤੋਂ ਬਾਅਦ ਸਿੱਖਾਂ ‘ਚ ਭਾਰੀ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਡੀਜੀਪੀ ਪੰਜਾਬ ਦੇ ਇਸ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ “ਡੀਜੀਪੀ ਪੰਜਾਬ ਦਾ ਇਹ ਬਿਆਨ ਕਾਂਗਰਸ ਦੀ ਐਂਟੀ ਸਿੱਖ ਸੋਚ ਨੂੰ ਦਰਸਾਉਂਦਾ ਹੈ।”