ਸਰੀ: ਕੈਨੇਡਾ ਦੇ ਸ਼ਹਿਰ ਸਰੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਐਲੀ ਮਾਂਗਟ ਦੇ ਸ਼ੋਅ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਰੀ ਆਰਸੀਐਮਪੀ ਨੇ ਸਰੀ ਦੇ ਹੀ ਵਾਸੀ ਕਰਨਵੀਰ ਗਰਚਾ ਤੇ ਦੋਸ਼ ਆਇਦ ਕੀਤੇ ਹਨ। ਇਹ ਘਟਨਾ 2019 ‘ਚ ਨਿਊਟਨ ਦੇ ਬੈਕਟਹਾਲ ‘ਚ ਵਾਪਰੀ ਸੀ।
ਸਰੀ ਦੀ ਰਾਇਲ ਕੈਨੇਡੀਅਨ ਮਾਉਂਟ ਪੁਲਿਸ ਨੇ ਦੱਸਿਆ ਕਿ 15 ਫਰਵਰੀ 2015 ਨੂੰ ਨਿਉਟਨ ਦੀ 128ਵੀਂ ਸਟਰੀਟ ਦੇ ਬਲਾਕ-8100 ਚ ਪੈਂਦੇ ਬਾਲੀਵੁੱਡ ਬੈਂਕਟ ਹਾਲ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਐਲੀ ਮਾਂਗਟ ਦਾ ਅਖਾੜਾ ਲੱਗਿਆ ਸੀ, ਜਿਸ ਵਿੱਚ 500 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਨਾਂ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਸਨ। ਇਸ ਦੌਰਾਨ ਇੱਕ 20 ਸਾਲਾ ਨੌਜਵਾਨ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਸੀ। ਇਸ ਤੋਂ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਰਾਤ ਨੂੰ ਲਗਭਗ 10 ਵਜੇ ਵਾਪਰੀ ਇਸ ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਸੀ। ਪੁਲਿਸ ਨੇ ਇਸ ਨੌਜਵਾਨ ਦੀ ਪੁਸ਼ਟੀ ਕਰਨਵੀਰ ਗਰਚਾ ਵਜੋਂ ਕੀਤੀ ਹੈ, ਜੋ ਕੇ ਸਰੀ ਦਾ ਹੀ ਵਾਸੀ ਹੈ। ਇਸ ਮਾਮਲੇ ਵਿੱਚ ਸਰੀ ਆਰਸੀਐਮਪੀ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਨੇ ਜਾਂਚ ਕੀਤੀ ਅਤੇ ਹੁਣ ਸਰੀ ਦੇ ਵਾਸੀ ਕਰਨਵੀਰ ਗਰਚਾ ‘ਤੇ ਦੋਸ਼ ਆਇਦ ਕੀਤੇ ਗਏ ਹਨ। ਕਰਨਵੀਰ ਗਰਚਾ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਮਹੀਨੇ ਦੇ ਅਖੀਰ ਵਿੱਚ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।