ਚੰਡੀਗੜ੍ਹ: ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਕੈਬੀਨਟ ਮੰਤਰੀਆਂ ਨਾਲ ਉਲਝਣਾ ਭਾਰੀ ਪੈ ਗਿਆ। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕਰਵਾਈ ਕਰਦੇ ਹੋਏ ਮੁੱਖ ਸਕੱਤਰ ਤੋਂ ਟੈਕਸੇਸ਼ਨ ਵਿਭਾਗ ਵਾਪਸ ਲੈ ਲਿਆ। ਇਹ ਵਿਭਾਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆ ਹੈ, ਜਿਨ੍ਹਾਂ ਨੇ ਸੋਮਵਾਰ ਨੂੰ ਕੈਬੀਨਟ ਦੀ ਬੈਠਕ ਵਿੱਚ ਮੁੱਖਮੰਤਰੀ ਨੂੰ ਇਹ ਸਾਫ਼ ਕਰ ਦਿੱਤਾ ਸੀ ਕਿ ਜੇਕਰ ਕਰਨ ਅਵਤਾਰ ਸਿੰਘ ਬੈਠਕ ਵਿੱਚ ਆਉਂਦੇ ਹਨ ਤਾਂ ਉਹ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ।
ਉਨ੍ਹਾਂ ਨੇ ਹੋਰ ਮੰਤਰੀਆਂ ਦੇ ਨਾਲ ਵਿਵਾਦ ਸੁਝਾਉਣ ਦੀ ਜ਼ਿੰਮੇਵਾਰੀ ਮੁੱਖਮੰਤਰੀ ‘ਤੇ ਹੀ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਸਰਕਾਰ ਜਲਦ ਹੀ ਕਰਨ ਅਵਤਾਰ ਸਿੰਘ ਤੋਂ ਐਕਸਾਇਜ ਸਬੰਧੀ ਮਾਮਲੇ ਵੀ ਵਾਪਸ ਲੈਣ ਜਾ ਰਹੀ ਹੈ। ਮੰਗਲਵਾਰ ਨੂੰ ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਕਸਾਈਜ਼ ਅਤੇ ਟੈੱਕਸੇਸ਼ਨ ਮਹਿਕਮੇ ਦਾ ਚਾਰਜ ਹੁਣ ਏ ਵੇਨੂੰ ਪ੍ਰਸਾਦ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕੋਲ ਹੋਰ ਵੀ ਦੋ ਚਾਰਜ ਹਨ ਪਰ ਉਹ 20 ਮਈ ਤੱਕ ਛੁੱਟੀ ਤੇ ਗਏ ਹਨ ਇਸ ਲਈ ਉਨ੍ਹਾਂ ਚਿਰ ਇਹ ਚਾਰਜ ਅਨੀਰੁੱਧ ਤਿਵਾੜੀ ਨੂੰ ਦਿੱਤਾ ਗਿਆ ਹੈ।