ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਕੁਲੈਕਟਰ ਕਪੂਰਥਲਾ ਦੇ ਹੱਕ ‘ਚ ਅਟੈਚ

Global Team
4 Min Read

ਫਗਵਾੜਾ /ਕਪੂਰਥਲਾ: ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਹਿਮ ਕਦਮ ਚੁੱਕਦਿਆਂ ਮੈਸ. ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿ. ਫਗਵਾੜਾ ਜ਼ਿਲ੍ਹਾ ਕਪੂਰਥਲਾ ਦੀ ਜ਼ਮੀਨ ਤੋਂ ਇਲਾਵਾ ਸਾਰੇ ਪਲਾਂਟ,ਮਸ਼ੀਨਰੀ,ਬਿਜਲੀ ਉਤਪਾਦਨ ਪਲਾਂਟ,ਢਾਂਚਾ,ਇਮਾਰਤਾਂ,ਯਾਰਡ,ਰਿਹਾਇਸ਼ੀ ਖੇਤਰ,ਵਹੀਕਲ,ਚੱਲ ਤੇ ਅਚੱਲ ਜਾਇਦਾਦ ਤੇ ਭੌਤਿਕ ਵਸਤੂਆਂ ਨੂੰ ਪੰਜਾਬ ਸਰਕਾਰ ਰਾਹੀਂ ਕੂਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਅਟੈਚ ਕਰ ਦਿੱਤਾ ਗਿਆ ਹੈ।

ਵਰਣਨਯੋਗ ਹੈ ਕਿ ਉਪਰੋਕਤ ਅਟੈਚਮੈਂਟ ਮਿੱਲ ਦੀ ਜ਼ਮੀਨ ’ਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਹ ਜ਼ਮੀਨ ਮਹਾਰਾਜਾ ਜਗਤਜੀਤ ਕਪੂਰਥਲਾ (ਇਸ ਸਮੇਂ ਪੰਜਾਬ ਸਰਕਾਰ) ਦੀ ਮਾਲਕੀ ਹੈ ਅਤੇ ਸਿਰਫ ਖੰਡ ਮਿੱਲ ਲਈ ਹੀ ਸ਼ਰਤਾਂ ਤਹਿਤ ਦਿੱਤੀ ਹੋਈ ਹੈ।

ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਵਲੋਂ ਆਪਣੀ ਗੰਨੇ ਦੀ ਫ਼ਸਲ ਵਾਹਦ ਸੰਧਰ ਸ਼ੂਗਰ ਮਿੱਲ/ਗੋਲਡਨ ਸੰਧਰ ਸ਼ੂਗਰ ਮਿੱਲ ਨੂੰ ਵੇਚੀ ਗਈ ਸੀ ਪਰ ਸਾਲ 2019-20 ਤੋਂ ਕਿਸਾਨਾਂ ਨੂੰ ਮਿੱਲ ਵਲੋਂ ਗੰਨੇ ਦੀ ਅਦਾਇਗੀ ਨਹੀਂ ਕੀਤੀ ਗਈ।

ਇਸ ਕਾਰਨ ਜਿੱਥੇ ਕਿਸਾਨਾਂ ਦੇ ਹਿੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਉੱਥੇ ਹੀ ਆਮ ਲੋਕਾਂ ਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਮਿੱਲ ਦੀ ਹਰਿਆਣਾ ਦੀ ਭੂਨਾ ਤਹਿਸੀਲ ਵਿਖੇ 150 ਏਕੜ ਦੇ ਕਰੀਬ ਜ਼ਮੀਨ ਨੂੰ ਵੇਚਕੇ ਜੋ ਲਗਭਗ 23.76 ਕਰੋੜ ਰੁਪੈ ਪ੍ਰਾਪਤ ਹੋਏ ਹਨ, ਉਹ ਕਿਸਾਨਾਂ ਨੂੰ ਦੇਣ ਲਈ 5700 ਯੋਗ ਕਿਸਾਨਾਂ ਦੀ ਐਸ ਡੀ ਐਮ ਦਫ਼ਤਰ ਫਗਵਾੜਾ ਵੱਲੋਂ ਬਣਾਈ ਸਬ ਕਮੇਟੀ ਵੱਲੋਂ ਤਸਦੀਕ ਕਰਕੇ ਇਤਰਾਜ਼ ਵੀ ਪ੍ਰਾਪਤ ਕਰ ਲਏ ਗਏ ਹਨ। ਇਸ ਸਬੰਧੀ ਕਿਸਾਨਾਂ ਨੂੰ ਅਦਾਇਗੀ ਲਈ ਯੋਗ ਕਿਸਾਨਾਂ ਦੀ ਸੂਚੀ ਕੇਨ ਕਮਿਸ਼ਨਰ ਪੰਜਾਬ ਨੂੰ ਭੇਜ ਦਿੱਤੀ ਗਈ ਹੈ ਤੇ ਕਿਸਾਨਾਂ ਨੂੰ ਅਦਾਇਗੀ ਦੀ ਪ੍ਰਕਿ੍ਰਆ ਤੇਜੀ ਨਾਲ ਜਾਰੀ ਹੈ।

ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਸੂਬੇ ਦੇ 22 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਮਿੱਲ ਦੀਆਂ ਜਾਇਦਾਦਾਂ ਦੀ ਤਸਦੀਕ ਕਰਨ ਅਤੇ ਉਨ੍ਹਾਂ ਨੂੰ ਅਟੈਚ ਕਰਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਕਰਨ ਬਾਰੇ ਲਿਖਿਆ ਗਿਆ ਸੀ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ ਫਗਵਾੜਾ ਵਲੋਂ 12 ਸਤੰਬਰ 2022 ਰਾਹੀਂ ਦਿੱਤੀ ਗਈ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਮਿੱਲ ਵੱਲ ਕਿਸਾਨਾਂ ਦਾ ਲਗਭਗ 50 ਕਰੋੜ 33 ਲੱਖ ਰੁਪਏ ਬਕਾਇਆ ਹੈ,ਪਰ ਮਿੱਲ ਮਾਲਕਾਂ ਵਲੋਂ ਕਿਸਾਨਾਂ ਨੂੰ ਖਰੀਦੇ ਗਏ ਗੰਨੇ ਦੀ ਅਦਾਇਗੀ ਕਰਨ ਦੇ ਲਈ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਮਿੱਲ ਦੀ ਜਾਇਦਾਦ ਪੰਜਾਬ ਸਰਕਾਰ ਰਾਹੀਂ ਪੰਜਾਬ ਰੈਵੀਨਿਊ ਐਕਟ 1887 ਦੀ ਧਾਰਾ 72 ਤਹਿਤ ਕੂਲੈਕਟਰ ਕਪੂਰਥਲਾ ਦੇ ਹੱਕ ਵਿਚ ਅਟੈਚ ਕੀਤਾ ਜਾਣਾ ਜ਼ਰੂਰੀ ਹੈ।

ਉਪਰੋਕਤ ਸਾਰਿਆਂ ਤੱਥਾਂ ਦੇ ਆਧਾਰ ਤੇ ਐਸ.ਡੀ.ਐਮ ਫਗਵਾੜਾ ਵਲੋਂ ਡਿਫਾਲਟਰ ਮਿੱਲ ਮਾਲਕਾਂ ਕੋਲੋਂ ਭੁਗਤਾਨਯੋਗ ਬਕਾਇਆ ਰਕਮ ਦੀ ਵਸੂਲੀ ਲਈ ਮੈਸ. ਗੋਲਡਨ ਸੰਧਰ ਸ਼ੂਗਰ ਮਿੱਲ ਲਿਮ. ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਜ਼ਮੀਨ ਤੋਂ ਇਲਾਵਾ ਸਾਰੇ ਪਲਾਂਟ,ਮਸ਼ੀਨਰੀ,ਬਿਜਲੀ ਉਤਪਾਦਨ ਪਲਾਂਟ,ਢਾਂਚਾ,ਇਮਾਰਤਾਂ,ਯਾਰਡ,ਰਿਹਾਇਸ਼ੀ ਖੇਤਰ,ਵਹੀਕਲ,ਚਲ ਤੇ ਅਚਲ ਜਾਇਦਾਦ ਤੇ ਭੌਤਿਕ ਵਸਤੂਆਂ ਨੂੰ ਪੰਜਾਬ ਸਰਕਾਰ ਰਾਹੀਂ ਕੂਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਅਟੈਚ ਕਰ ਦਿਤਾ ਗਿਆ ਹੈ।

ਇਸ ਤੋਂ ਇਲਾਵਾ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਹਦਾਇਤ ਕੀਤੀ ਗਈ ਹੈ ਮਿੱਲ ਦੇ ਨਾਮ ਜੋ ਵੀ ਪਲਾਂਟ,ਮਸ਼ੀਨਰੀ,ਬਿਜਲੀ ਉਤਪਾਦਨ ਪਲਾਂਟ,ਢਾਂਚਾ,ਇਮਾਰਤਾਂ,ਯਾਰਡ,ਰਿਹਾਇਸ਼ੀ ਖੇਤਰ,ਵਹੀਕਲ,ਚਲ ਤੇ ਅਚਲ ਜਾਇਦਾਦ ਤੇ ਭੌਤਿਕ ਵਸਤੂਆਂ ਦੀ ਅਟੈਚਮੈਂਟ ਸਬੰਧੀ ਅਗਲੇਹੀ ਕਾਰਵਾਈ ਨੂੰ ਨੇਪਰੇ ਚਾੜ੍ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਉਨ੍ਹਾਂ ਦੇ ਰਹਿੰਦੇ 50 ਕਰੋੜ 33 ਲੱਖ ਰੁਪੈ ਦੇ ਬਕਾਏ ਮਿੱਲ ਪਾਸੋਂ ਦਿਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਲਈ ਸਖਤ ਤੋਂ ਸਖਤ ਕਦਮ ਵੀ ਚੁੱਕੇ ਜਾ ਰਹੇ ਹਨ। ਉਨਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਇਕ-ਇਕ ਪੈਸੇ ਦੀ ਅਦਾਇਗੀ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਲੋੜ ਅਨੁਸਾਰ ਹੋਰ ਸਖ਼ਤ ਕਦਮ ਵੀ ਚੁੱਕੇ ਜਾਣਗੇ।

Share This Article
Leave a Comment